Home ਦੇਸ਼ ਕੋਲਕਾਤਾ ਦੇ ਮਿਰਜ਼ਾ ਗਾਲਿਬ ਸਟਰੀਟ ‘ਤੇ ਸਥਿਤ ਸ਼ਿਕਾ ਇਨ ਹੋਟਲ ’ਚ ਲੱਗੀ...

ਕੋਲਕਾਤਾ ਦੇ ਮਿਰਜ਼ਾ ਗਾਲਿਬ ਸਟਰੀਟ ‘ਤੇ ਸਥਿਤ ਸ਼ਿਕਾ ਇਨ ਹੋਟਲ ’ਚ ਲੱਗੀ ਭਿਆਨਕ ਅੱਗ, 9 ਲੋਕਾਂ ਦੀ ਹੋਈ ਮੌਤ

0

ਕੋਲਕਾਤਾ : ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਨਿਊ ਮਾਰਕੀਟ ਥਾਣੇ ਵਿੱਚ ਅੱਜ ਸਵੇਰੇ ਇਕ ਹੋਟਲ ਵਿੱਚ ਭਿਆਨਕ ਅੱਗ ਲੱਗ ਗਈ। 15 ਮਿਰਜ਼ਾ ਗਾਲਿਬ ਸਟਰੀਟ ‘ਤੇ ਸਥਿਤ ਸ਼ਿਕਾ ਇਨ ਹੋਟਲ ਵਿੱਚ ਜਿਵੇਂ ਹੀ ਅੱਗ ਲੱਗੀ ਤਾਂ ਹੜਕੰਪ ਮਚ ਗਿਆ। ਕੋਲਕਾਤਾ ਪੁਲਿਸ ਵੱਲੋਂ ਜਾਰੀ ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, ਇਸ ਦਰਦਨਾਕ ਹਾਦਸੇ ਵਿੱਚ ਦੋ ਔਰਤਾਂ ਅਤੇ ਇੱਕ ਬੱਚੇ ਸਮੇਤ ਨੌਂ ਲੋਕਾਂ ਦੀ ਮੌਤ ਹੋ ਗਈ।

ਅੱਗ ਅੱਜ ਸਵੇਰੇ ਉਸ ਸਮੇਂ ਲੱਗੀ ਜਦੋਂ ਹੋਟਲ ਵਿੱਚ ਠਹਿਰੇ ਜ਼ਿਆਦਾਤਰ ਲੋਕ ਸੁੱਤੇ ਪਏ ਸਨ। ਧੂੰਏਂ ਦਾ ਗੁਬਾਰ ਅਤੇ ਅੱਗ ਦੀਆਂ ਲਪਟਾਂ ਉੱਠਦੀਆਂ ਦੇਖ ਕੈਪਸ ਵਿੱਚ ਹਫੜਾ-ਤਫੜੀ ਮਚ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਅਤੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ।

ਘਟਨਾ ਤੋਂ ਬਾਅਦ, ਇੱਕ ਫੋਰੈਂਸਿਕ ਟੀਮ ਵੀ ਮੌਕੇ ‘ਤੇ ਪਹੁੰਚੀ। ਇਸ ਦੌਰਾਨ ਸ਼ਹਿਰੀ ਵਿਕਾਸ ਮੰਤਰੀ ਅਗਨੀਮਿੱਤਰ ਪਾਲ ਅਤੇ ਉਦਯੋਗ ਮੰਤਰੀ ਤਪਸ ਰਾਏ ਸਥਿਤੀ ਦਾ ਜਾਇਜ਼ਾ ਲੈਣ ਲਈ ਮੌਕੇ ‘ਤੇ ਪਹੁੰਚੇ।

ਫਾਇਰ ਵਿਭਾਗ ਨੇ ਘਟਨਾ ਤੋਂ ਬਾਅਦ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅੱਗ ਲੱਗਣ ਦੀ ਇਹ ਘਟਨਾ ਕੋਲਕਾਤਾ ਦੇ ਮਿਰਜ਼ਾ ਗਾਲਿਬ ਸਟਰੀਟ ‘ਤੇ ਸਥਿਤ ਇੱਕ ਹੋਟਲ ਵਿੱਚ ਵਾਪਰੀ, ਜਿੱਥੇ ਸਵੇਰੇ ਲਗਭਗ 2 ਵਜੇ ਅੱਗ ਲੱਗ ਗਈ ਅਤੇ ਤੁਰੰਤ ਹੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਨੌਂ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਮ੍ਰਿਤਕ ਬੰਗਲਾਦੇਸ਼ੀ ਨਾਗਰਿਕ ਸਨ ਜੋ ਇਲਾਜ ਲਈ ਇੱਥੇ ਆਏ ਸਨ।

ਅੱਗ ਲੱਗਣ ਤੋਂ ਬਾਅਦ ਉੱਠੇ ਧੂੰਏਂ ਦੇ ਕਾਰਨ, ਫਾਇਰ ਫਾਈਟਰਜ਼ ਨੂੰ ਅੱਗ ਬੁਝਾਉਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਪੌੜੀਆਂ ਰਾਹੀਂ ਉੱਪਰਲੀਆਂ ਮੰਜ਼ਿਲਾਂ ਤੱਕ ਪਹੁੰਚਣਾ ਮੁਸ਼ਕਲ ਹੋ ਗਿਆ। ਫਾਇਰ ਵਿਭਾਗ ਦੀ ਟੀਮ ਨੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਹੈ। ਹਾਲਾਂਕਿ, ਅੱਗ ਲੱਗਣ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੈ। ਪੁਲਿਸ ਅਤੇ ਫੋਰੈਂਸਿਕ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਪੁਲਿਸ ਨੇ ਹੋਟਲ ਦੇ ਦੋ ਕਰਮਚਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਘਟਨਾ ਤੋਂ ਬਾਅਦ 80 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਪੁਲਿਸ ਦਾ ਬਿਆਨ

ਨਿਊ ਮਾਰਕੀਟ ਪੁਲਿਸ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਦੱਸਿਆ, “ਘਟਨਾ ਦੀ ਸੂਚਨਾ ਲਗਭਗ ਸਵੇਰੇ 2:00 ਵਜੇ ਮਿਲੀ। ਸੂਚਨਾ ਮਿਲਦੇ ਹੀ  ਸਥਾਨਕ ਪੁਲਿਸ ਟੀਮ ਤੁਰੰਤ ਘਟਨਾ ਸਥਾਨ ‘ਤੇ ਪਹੁੰਚੀ। ਅੱਗ ਬੁਝਾਊ ਵਿਭਾਗ ਅਤੇ ਬਿਜਲੀ ਵਿਭਾਗ ਨੂੰ ਸੁਚੇਤ ਕੀਤਾ ਗਿਆ। ਚਾਰ ਫਾਇਰ ਇੰਜਣ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਗਏ, ਅਤੇ ਬਚਾਅ ਅਤੇ ਅੱਗ ਬੁਝਾਉਣ ਦੇ ਕੰਮ ਸ਼ੁਰੂ ਹੋ ਗਏ। ਪੁਲਿਸ ਟੀਮ ਨੇ ਤੁਰੰਤ ਕਾਨੂੰਨ ਵਿਵਸਥਾ ਬਣਾਈ ਰੱਖਣ, ਆਵਾਜਾਈ ਅਤੇ ਭੀੜ ਨੂੰ ਕੰਟਰੋਲ ਕਰਨ ਅਤੇ ਹੋਟਲ ਦੇ ਅੰਦਰ ਫਸੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਪਾਅ ਕੀਤੇ। ਧੂੰਏਂ ਅਤੇ ਅੱਗ ਦੀਆਂ ਲਪਟਾਂ ਦੇ ਵਿਚਕਾਰ, ਪੁਲਿਸ ਅਤੇ ਫਾਇਰਫਾਈਟਰਾਂ ਨੇ ਬਹੁਤ ਮੁਸ਼ਕਲ ਹਾਲਤਾਂ ਵਿੱਚ ਕੀਤੇ ਗਏ ਇੱਕ ਆਪ੍ਰੇਸ਼ਨ ਤੋਂ ਬਾਅਦ ਲਗਭਗ 60 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ।

ਪੁਲਿਸ ਨੇ ਦੱਸਿਆ ਕਿ ਬਚਾਅ ਦੇ ਦੌਰਾਨ, ਹੋਟਲ ਦੇ ਅੰਦਰ ਨੌਂ ਲੋਕ ਬੇਹੋਸ਼ ਪਾਏ ਗਏ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਿਊਟੀ ‘ਤੇ ਮੌਜੂਦ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ “ਮ੍ਰਿਤਕ” ਐਲਾਨ ਦਿੱਤਾ।

NO COMMENTS

LEAVE A REPLY

Please enter your comment!
Please enter your name here

Exit mobile version