Home ਦੇਸ਼ ਅਬੂ ਧਾਬੀ ਜਾ ਰਹੇ ਜਹਾਜ਼ ’ਚ ਆਈ ਵੱਡੀ ਖਰਾਬੀ, ਕੋਚੀ ਏਅਰਪੋਰਟ ’ਤੇ...

ਅਬੂ ਧਾਬੀ ਜਾ ਰਹੇ ਜਹਾਜ਼ ’ਚ ਆਈ ਵੱਡੀ ਖਰਾਬੀ, ਕੋਚੀ ਏਅਰਪੋਰਟ ’ਤੇ ਕਰਵਾਈ ਗਈ ਸੁਰੱਖਿਅਤ ਲੈਂਡਿੰਗ

0

ਕੇਰਲ : ਕੋਚੀ ਤੋਂ ਅਬੂ ਧਾਬੀ ਲਈ ਉਡਾਣ ਭਰ ਰਹੇ ਏਅਰ ਇੰਡੀਆ ਐਕਸਪ੍ਰੈੱਸ ਦੇ ਬੋਇੰਗ 737 ਜਹਾਜ਼ ਵਿੱਚ ਆਸਮਾਨ ਦੇ ਵਿਚਕਾਰ ਵੱਡੀ ਤਕਨੀਕੀ ਖਰਾਬੀ ਆ ਗਈ। 36 ਹਜ਼ਾਰ ਫੁੱਟ ਦੀ ਉਚਾਈ ’ਤੇ ਜਹਾਜ਼ ਦੇ ਇੱਕ ਇੰਜਣ ਵਿੱਚ ਆਇਲ ਦਾ ਦਬਾਅ ਤੇਜ਼ੀ ਨਾਲ ਘੱਟਣ ਲੱਗਾ। ਖਤਰਾ ਵਧਦਾ ਦੇਖ ਪਾਇਲਟਾਂ ਨੇ ਹਵਾ ਵਿੱਚ ਹੀ ਇੰਜਣ ਨੂੰ ਬੰਦ ਕਰ ਦਿੱਤਾ। ਇਸ ਤੋਂ ਬਾਅਦ ਜਹਾਜ਼ ਦਾ ਰੁਖ ਮੋੜ ਕੇ ਕੋਚੀ ਏਅਰਪੋਰਟ ’ਤੇ ਸੁਰੱਖਿਅਤ ਲੈਂਡਿੰਗ ਕਰਵਾਈ ਗਈ। ਪਾਇਲਟਾਂ ਦੀ ਇਸ ਸੂਝਬੂਝ ਕਾਰਨ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਰਹੇ।

ਇਹ ਘਟਨਾ ਏਅਰ ਇੰਡੀਆ ਐਕਸਪ੍ਰੈੱਸ ਦੀ ਫਲਾਈਟ IX 415 ਵਿੱਚ ਵਾਪਰੀ। ਜਹਾਜ਼ ਨੇ ਕੋਚੀ ਤੋਂ ਅਬੂ ਧਾਬੀ ਲਈ ਉਡਾਣ ਭਰੀ ਸੀ। ਉਡਾਣ ਭਰਨ ਤੋਂ ਲਗਭਗ 50 ਮਿੰਟ ਬਾਅਦ, ਜਦੋਂ ਜਹਾਜ਼ 36 ਹਜ਼ਾਰ ਫੁੱਟ ਦੀ ਉਚਾਈ ’ਤੇ ਸੀ, ਪਾਇਲਟ ਅਤੇ ਕੋ-ਪਾਇਲਟ ਨੇ ਇੰਜਣ-1 ਵਿੱਚ ਆਇਲ ਦੀ ਮਾਤਰਾ ਤੇਜ਼ੀ ਨਾਲ ਘਟਦੀ ਦੇਖੀ। ਆਸਮਾਨ ਦੀ ਇੰਨੀ ਉਚਾਈ ’ਤੇ ਇੰਜਣ ਵਿੱਚ ਆਇਲ ਦਾ ਤੇਜ਼ੀ ਨਾਲ ਘਟਣਾ ਗੰਭੀਰ ਸਥਿਤੀ ਸੀ। ਇਸ ਨੂੰ ਦੇਖਦੇ ਹੋਏ ਕ੍ਰੂ ਨੇ ਤੁਰੰਤ ਨਿਰਧਾਰਤ ਪ੍ਰਕਿਰਿਆ (FORDEC ਅਸੈਸਮੈਂਟ) ਸ਼ੁਰੂ ਕੀਤੀ, ਤਾਂ ਜੋ ਅੱਗੇ ਦਾ ਫੈਸਲਾ ਲਿਆ ਜਾ ਸਕੇ।

ਮੁਲਾਂਕਣ ਦੌਰਾਨ ਵੀ ਆਇਲ ਦੀ ਮਾਤਰਾ ਲਗਾਤਾਰ ਘਟਦੀ ਰਹੀ। ਦੇਖਦੇ ਹੀ ਦੇਖਦੇ ਆਇਲ ਪ੍ਰੈਸ਼ਰ ਉਸ ਪੱਧਰ ਤੱਕ ਪਹੁੰਚ ਗਿਆ, ਜਿਸ ਨੂੰ ਹਵਾਬਾਜ਼ੀ ਦੀ ਭਾਸ਼ਾ ਵਿੱਚ ਖਤਰੇ ਦਾ ਪੱਧਰ ਮੰਨਿਆ ਜਾਂਦਾ ਹੈ।

ਹਵਾ ਵਿੱਚ ਇੰਜਣ ਬੰਦ, ਵਾਪਸ ਮੁੜਿਆ ਜਹਾਜ਼

ਸਥਿਤੀ ਨੂੰ ਦੇਖਦੇ ਹੋਏ ਪਾਇਲਟਾਂ ਨੇ ਇੰਜਣ-1 ਨੂੰ ਹਵਾ ਵਿੱਚ ਹੀ ਬੰਦ ਕਰ ਦਿੱਤਾ। ਇਸ ਦੇ ਨਾਲ ਹੀ ਅਬੂ ਧਾਬੀ ਜਾਣ ਵਾਲੀ ਉਡਾਣ ਜਾਰੀ ਨਾ ਰੱਖਣ ਦਾ ਫੈਸਲਾ ਲਿਆ ਗਿਆ ਅਤੇ ਜਹਾਜ਼ ਨੂੰ ਕੋਚੀ ਵੱਲ ਮੋੜ ਦਿੱਤਾ ਗਿਆ।

ਜਹਾਜ਼ ਇੱਕ ਇੰਜਣ ਦੇ ਸਹਾਰੇ ਵਾਪਸ ਕੋਚੀ ਪਹੁੰਚਿਆ ਅਤੇ ਏਅਰਪੋਰਟ ’ਤੇ ਸੁਰੱਖਿਅਤ ਲੈਂਡਿੰਗ ਕੀਤੀ। ਇਸ ਤਰ੍ਹਾਂ ਉਡਾਣ ਭਰਨ ਤੋਂ ਲਗਭਗ 50 ਮਿੰਟ ਬਾਅਦ ਫਲਾਈਟ IX 415 ਨੂੰ ਆਪਣਾ ਰਸਤਾ ਬਦਲਣਾ ਪਿਆ। ਸਾਰੇ ਯਾਤਰੀ ਸੁਰੱਖਿਅਤ ਤਰੀਕੇ ਨਾਲ ਜਹਾਜ਼ ਤੋਂ ਬਾਹਰ ਆ ਗਏ।

ਅਚਾਨਕ ਇੰਜਣ ਦਾ ਆਇਲ ਇੰਨੀ ਤੇਜ਼ੀ ਨਾਲ ਕਿਉਂ ਘਟਣ ਲੱਗਾ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਜਹਾਜ਼ ਦੇ ਸੁਰੱਖਿਅਤ ਤਰੀਕੇ ਨਾਲ ਕੋਚੀ ਵਾਪਸ ਪਹੁੰਚਣ ਤੋਂ ਬਾਅਦ ਤਕਨੀਕੀ ਟੀਮ ਇਸ ਦੀ ਜਾਂਚ ਕਰ ਰਹੀ ਹੈ। ਕ੍ਰੂ ਨੇ ਸਮੇਂ ਸਿਰ ਇੰਜਣ ਬੰਦ ਕਰਨ ਅਤੇ ਜਹਾਜ਼ ਨੂੰ ਵਾਪਸ ਲਿਆਉਣ ਦਾ ਫੈਸਲਾ ਕੀਤਾ, ਜਿਸ ਨਾਲ ਸਥਿਤੀ ਨੂੰ ਕਾਬੂ ਕਰਨ ਵਿੱਚ ਮਦਦ ਮਿਲੀ।

NO COMMENTS

LEAVE A REPLY

Please enter your comment!
Please enter your name here

Exit mobile version