ਨਵੀਂ ਦਿੱਲੀ: ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਦਾ ਮੁੜ ਗਠਨ ਕਰ ਦਿੱਤਾ ਹੈ। ਨਵੇਂ ਬੋਰਡ ਵਿੱਚ ਫ਼ਿਲਮ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਕਈ ਪ੍ਰਮੁੱਖ ਹਸਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਨਵੇਂ ਪੈਨਲ ਵਿੱਚ ਪ੍ਰੀਤੀ ਜ਼ਿੰਟਾ, ਸੁਨੀਲ ਸ਼ੈੱਟੀ, ਰੂਪਾਲੀ ਗਾਂਗੁਲੀ, ਪੱਲਵੀ ਜੋਸ਼ੀ, ਪੰਕਜ ਤ੍ਰਿਪਾਠੀ ਅਤੇ ਪ੍ਰੋਸੇਨਜੀਤ ਚੈਟਰਜੀ ਸਮੇਤ ਕੁੱਲ 18 ਮੈਂਬਰ ਸ਼ਾਮਲ ਹਨ।
ਸਿਨੇਮੈਟੋਗ੍ਰਾਫ ਐਕਟ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਬੋਰਡ ਦਾ ਇਹ ਪੁਨਰਗਠਨ ਤਿੰਨ ਸਾਲ ਜਾਂ ਅਗਲੇ ਹੁਕਮਾਂ ਤੱਕ ਲਈ ਕੀਤਾ ਗਿਆ ਹੈ। CBFC ਭਾਰਤ ਵਿੱਚ ਜਨਤਕ ਪ੍ਰਦਰਸ਼ਨ ਲਈ ਫ਼ਿਲਮਾਂ ਨੂੰ ਸਰਟੀਫਿਕੇਟ ਜਾਰੀ ਕਰਨ ਵਾਲੀ ਮੁੱਖ ਸੰਸਥਾ ਹੈ।
ਨਵੇਂ ਬੋਰਡ ਵਿੱਚ ਇਹ ਨਾਮ ਵੀ ਸ਼ਾਮਲ
ਨਵੇਂ ਪੈਨਲ ਵਿੱਚ ਅਦਾਕਾਰਾਂ ਤੋਂ ਇਲਾਵਾ ਸੰਗੀਤ, ਸਾਹਿਤ, ਕਲਾ ਅਤੇ ਹੋਰ ਖੇਤਰਾਂ ਨਾਲ ਸਬੰਧਤ ਸ਼ਖ਼ਸੀਅਤਾਂ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਇਨ੍ਹਾਂ ਵਿੱਚ ਵਿਨੋਦ ਅਨੂਪਮ, ਮਨੋਜ ਜੋਸ਼ੀ, ਅਭਿਸ਼ੇਕ ਜੈਨ, ਰਿਕੀ ਕੇਜ, ਪ੍ਰਿਯਦਰਸ਼ਨ, ਹੰਸਰਾਜ ਹੰਸ, ਸੁਪ੍ਰਿਆ ਯਾਰਲਾਗੱਡਾ, ਯਤੀੰਦਰ ਮਿਸ਼ਰ, ਨੀਲਾ ਮਾਧਵ ਪਾਂਡਾ, ਨਿਸ਼ਿਗੰਧਾ ਵਾਡ, ਵਾਮਨ ਕੇਂਦਰੇ ਅਤੇ ਰਮੇਸ਼ ਪਤੰਗੇ ਸ਼ਾਮਲ ਹਨ।
ਮੰਤਰਾਲੇ ਵੱਲੋਂ ਇਹ ਕਦਮ ਲੰਬੇ ਸਮੇਂ ਬਾਅਦ ਚੁੱਕਿਆ ਗਿਆ ਹੈ। ਇਸ ਤੋਂ ਪਹਿਲਾਂ CBFC ਦੇ ਪਿਛਲੇ ਬੋਰਡ ਦਾ ਰਸਮੀ ਤੌਰ ’ਤੇ ਪੁਨਰਗਠਨ ਅਗਸਤ 2017 ਵਿੱਚ ਕੀਤਾ ਗਿਆ ਸੀ।
ਸ਼ਸ਼ੀ ਸ਼ੇਖਰ ਵੇਮਪਤੀ ਦੀ ਅਗਵਾਈ ਹੇਠ ਕਰੇਗਾ ਕੰਮ
ਨਵਾਂ ਬੋਰਡ ਸ਼ਸ਼ੀ ਸ਼ੇਖਰ ਵੇਮਪਤੀ ਦੀ ਦੇਖ-ਰੇਖ ਹੇਠ ਕੰਮ ਕਰੇਗਾ। CBFC ਦੀ ਜ਼ਿੰਮੇਵਾਰੀ ਸਿਨੇਮੈਟੋਗ੍ਰਾਫ ਐਕਟ ਦੇ ਤਹਿਤ ਜਨਤਕ ਪ੍ਰਦਰਸ਼ਨ ਤੋਂ ਪਹਿਲਾਂ ਫ਼ਿਲਮਾਂ ਦੀ ਸਰਟੀਫਿਕੇਸ਼ਨ ਪ੍ਰਕਿਰਿਆ ਨੂੰ ਦੇਖਣਾ ਹੈ।
ਜਾਣਕਾਰੀ ਮੁਤਾਬਕ ਬੋਰਡ ਦੀ ਹਾਲ ਹੀ ਵਿੱਚ ਲੰਬੇ ਅਰਸੇ ਬਾਅਦ ਮੀਟਿੰਗ ਵੀ ਹੋਈ ਸੀ। ਇਸ ਦੌਰਾਨ ਫ਼ਿਲਮ ਸਰਟੀਫਿਕੇਸ਼ਨ ਅਤੇ ਰਿਵਾਈਜ਼ਿੰਗ ਕਮੇਟੀਆਂ ਨਾਲ ਜੁੜੇ ਕੰਮਕਾਜ ਦੇ ਮੁੱਦਿਆਂ ’ਤੇ ਚਰਚਾ ਕੀਤੀ ਗਈ।
‘ਮਿਰਜ਼ਾਪੁਰ ਦ ਮੂਵੀ’ ਦੇ ਗੀਤ ‘ਸ਼ੂਰਵੀਰ’ ਨੂੰ ਲੈ ਕੇ ਵੀ ਚਰਚਾ
ਇਸ ਦੌਰਾਨ CBFC ਵੱਲੋਂ ਫ਼ਿਲਮ ‘ਮਿਰਜ਼ਾਪੁਰ ਦ ਮੂਵੀ’ ਦੇ ਗੀਤ ‘ਸ਼ੂਰਵੀਰ’ ਨੂੰ ਲੈ ਕੇ ਉੱਠੀਆਂ ਚਿੰਤਾਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਬੋਰਡ ਮੁਤਾਬਕ ਪਿਛਲੇ ਕੁਝ ਦਿਨਾਂ ਦੌਰਾਨ ਗੀਤ ਨਾਲ ਸਬੰਧਤ ਕਈ ਚਿੰਤਾਵਾਂ ਸਾਹਮਣੇ ਆਈਆਂ ਸਨ। ਇਸ ਤੋਂ ਬਾਅਦ ਫ਼ਿਲਮ ਨਾਲ ਜੁੜੀ ਪ੍ਰੋਡਕਸ਼ਨ ਕੰਪਨੀ ਐਕਸਲ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਨੇ CBFC ਨੂੰ ਜਾਣਕਾਰੀ ਦਿੱਤੀ ਕਿ ਲੋੜੀਂਦੀਆਂ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੱਕ ਸਬੰਧਤ ਸੀਨ ਵਿੱਚੋਂ ‘ਸ਼ੂਰਵੀਰ’ ਗੀਤ ਨੂੰ ਆਪਣੀ ਮਰਜ਼ੀ ਨਾਲ ਹਟਾ ਦਿੱਤਾ ਜਾਵੇਗਾ। CBFC ਦਾ ਨਵਾਂ ਬੋਰਡ ਹੁਣ ਫ਼ਿਲਮ ਸਰਟੀਫਿਕੇਸ਼ਨ ਨਾਲ ਜੁੜੀਆਂ ਪ੍ਰਕਿਰਿਆਵਾਂ ਅਤੇ ਮਾਮਲਿਆਂ ’ਤੇ ਕੰਮ ਕਰੇਗਾ।
