Home ਪੰਜਾਬ LPU ਹੰਗਾਮੇ ‘ਚ ਵੱਡਾ ਐਕਸ਼ਨ , 9 ਵਿਦਿਆਰਥੀ ਕੀਤੇ ਗਏ ਗ੍ਰਿਫ਼ਤਾਰ

LPU ਹੰਗਾਮੇ ‘ਚ ਵੱਡਾ ਐਕਸ਼ਨ , 9 ਵਿਦਿਆਰਥੀ ਕੀਤੇ ਗਏ ਗ੍ਰਿਫ਼ਤਾਰ

0

ਜਲੰਧਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) ‘ਚ 26 ਸਤੰਬਰ ਨੂੰ ਹੋਏ ਹੰਗਾਮੇ ਅਤੇ ਭੰਨਤੋੜ ਦੇ ਮਾਮਲੇ ‘ਚ ਪੁਲਿਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਡੀ.ਆਈ.ਜੀ. ਨਵੀਨ ਸਿੰਗਲਾ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਮਾਮਲੇ ‘ਚ 9 ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਜਾਂਚ ਦੌਰਾਨ 20 ਦੋਸ਼ੀਆਂ ਦੀ ਪਛਾਣ ਕਰਕੇ ਮਾਮਲੇ ‘ਚ ਨਾਮਜ਼ਦ ਕੀਤੇ ਗਏ ਹਨ।

ਪ੍ਰੈਸ ਕਾਨਫਰੰਸ ਵਿੱਚ ਡੀ.ਆਈ.ਜੀ. ਨਵੀਨ ਸਿੰਗਲਾ ਦੇ ਨਾਲ ਐਸ.ਐਸ.ਪੀ. ਗੌਰਵ ਤੂਰਾ ਅਤੇ ਐਸ.ਆਈ.ਟੀ. ਇੰਚਾਰਜ ਵਨੀਤ ਅੱਲ੍ਹਾਵਤ ਵੀ ਮੌਜੂਦ ਸਨ। ਪੁਲਿਸ ਅਨੁਸਾਰ ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਫਗਵਾੜਾ, ਜੰਮੂ-ਕਸ਼ਮੀਰ ਅਤੇ ਮੁੰਬਈ ਦੇ ਨੌਜਵਾਨ ਸ਼ਾਮਲ ਹਨ। ਫੜੇ ਗਏ 9 ਮੁਲਜ਼ਮਾਂ ਵਿੱਚੋਂ 7 ਵਿਦਿਆਰਥੀ ਅਤੇ 2 ਬਾਹਰੀ ਦੱਸੇ ਜਾਂਦੇ ਹਨ। ਮੁਲਜ਼ਮਾਂ ਵਿੱਚੋਂ ਇੱਕ ਨਾਬਾਲਗ ਵੀ ਹੈ।

ਪੁਲਿਸ ‘ਤੇ ਪਥਰਾਅ ਤੋਂ ਬਾਅਦ ਸਥਿਤੀ ਵਿਗੜਨ ਦਾ ਦਾਅਵਾ
ਡੀ.ਆਈ.ਜੀ. ਨਵੀਨ ਸਿੰਗਲਾ ਨੇ ਦੱਸਿਆ ਕਿ ਸ਼ੁਰੂ ਵਿੱਚ ਪੁਲਿਸ ਵੱਲੋਂ ਵਿਦਿਆਰਥੀਆਂ ’ਤੇ ਕੋਈ ਲਾਠੀਚਾਰਜ ਨਹੀਂ ਕੀਤਾ ਗਿਆ। ਉਨ੍ਹਾਂ ਅਨੁਸਾਰ ਜਦੋਂ ਪ੍ਰਦਰਸ਼ਨ ਦੌਰਾਨ ਕੁਝ ਵਿਦਿਆਰਥੀਆਂ ਨੇ ਪੁਲਿਸ ਅਤੇ ਮੀਡੀਆ ਕਰਮੀਆਂ ‘ਤੇ ਪਥਰਾਅ ਸ਼ੁਰੂ ਕਰ ਦਿੱਤਾ ਅਤੇ ਅੱਗਜ਼ਨੀ ਦੇ ਨਾਲ-ਨਾਲ ਵਾਹਨਾਂ ਦੀ ਭੰਨਤੋੜ ਵੀ ਕੀਤੀ ਤਾਂ ਪੁਲਿਸ ਨੇ ਸਥਿਤੀ ‘ਤੇ ਕਾਬੂ ਪਾਉਣ ਲਈ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਹਟਾ ਲਿਆ।

ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਟੀਮ ਯੂਨੀਵਰਸਿਟੀ ਪੁੱਜੀ ਤਾਂ ਸਥਿਤੀ ਬਹੁਤੀ ਖ਼ਰਾਬ ਨਹੀਂ ਸੀ ਪਰ ਕੁਝ ਸਮੇਂ ਬਾਅਦ ਅਚਾਨਕ ਪਥਰਾਅ ਅਤੇ ਭੰਨਤੋੜ ਸ਼ੁਰੂ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਗੜਬੜੀ ਕਰਨ ਵਾਲੇ ਲੋਕਾਂ ਦੀ ਪਹਿਚਾਣ ਕਰਨੀ ਸ਼ੁਰੂ ਕਰ ਦਿੱਤੀ ਹੈ।

ਵੱਖ-ਵੱਖ ਰਾਜਾਂ ਤੋਂ ਗ੍ਰਿਫਤਾਰੀਆਂ
ਪੁਲਿਸ ਅਨੁਸਾਰ ਇਸ ਮਾਮਲੇ ਵਿੱਚ ਫਗਵਾੜਾ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਦੋ ਮੁਲਜ਼ਮਾਂ ਨੂੰ ਜੰਮੂ-ਕਸ਼ਮੀਰ ਅਤੇ ਇੱਕ ਮੁਲਜ਼ਮ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਬਾਕੀ ਦੋਸ਼ੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਟੀਮਾਂ ਕੰਮ ਕਰ ਰਹੀਆਂ ਹਨ।

ਡੀ.ਆਈ.ਜੀ. ਨੇ ਕਿਹਾ ਕਿ ਪੁਲਿਸ ਵਿਦਿਆਰਥੀਆਂ ਅਤੇ ਮੀਡੀਆ ਨਾਲ ਤਾਲਮੇਲ ਕਰਕੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਪੁਲਿਸ ਉਨ੍ਹਾਂ ਦੇ ਨਾਲ ਹੈ ਪਰ ਇਸ ਦੇ ਬਾਵਜੂਦ ਕੁਝ ਲੋਕਾਂ ਵੱਲੋਂ ਹਿੰਸਾ ਅਤੇ ਭੰਨਤੋੜ ਕੀਤੀ ਗਈ।

ਵਾਇਰਲ ਮੈਸੇਜ ਅਤੇ ਵਿਿਦਆਰਥੀ ਨਾਲ ਸਬੰਧਤ ਮਾਮਲੇ ਦੀ ਵੀ ਜਾਂਚ ਕੀਤੀ
ਸੋਸ਼ਲ ਮੀਡੀਆ ‘ਤੇ ਇੱਕ ਸੰਦੇਸ਼ ਵਾਇਰਲ ਹੋਣ ਤੋਂ ਬਾਅਦ ਐਲ.ਪੀ.ਯੂ. ਵਿੱਚ ਹੰਗਾਮਾ ਸ਼ੁਰੂ ਹੋ ਗਿਆ। ਇਸ ਮਾਮਲੇ ਵਿੱਚ ਵਿਦਿਆਰਥਣ ਨਾਲ ਕਥਿਤ ਬਲਾਤਕਾਰ ਦੇ ਦੋਸ਼ਾਂ ਦੀ ਜਾਂਚ ਲਈ ਪਹਿਲਾਂ ਹੀ ਐਸ.ਆਈ.ਟੀ. ਦਾ ਗਠਨ ਕੀਤਾ ਜਾ ਚੁੱਕਾ ਹੈ। ਡੀ.ਆਈ.ਜੀ. ਨੇ ਸਪੱਸ਼ਟ ਕੀਤਾ ਕਿ ਐਸ.ਆਈ.ਟੀ. ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਤੱਥਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਕੋਈ ਵੀ ਅਹਿਮ ਖ਼ਬਰ ਨਾ ਰਹਿ ਜਾਵੇ ਪਿੱਛੇ ਕਰੋ ਚੜ੍ਹਦੀਕਲਾ ਟਾਇਮ ਟੀ.ਵੀ Subscribe:- facebook.com/Chardiklatimetvlive,  Youtube:- https://www.youtube.com/@ChardiklaTimeTvchannel

NO COMMENTS

LEAVE A REPLY

Please enter your comment!
Please enter your name here

Exit mobile version