Home ਪੰਜਾਬ IDFC ਬੈਂਕ ਦੇ 645 ਕਰੋੜ ਦੇ ਕਥਿਤ ਘਪਲੇ ’ਚ ਵੱਡੀ ਕਾਰਵਾਈ

IDFC ਬੈਂਕ ਦੇ 645 ਕਰੋੜ ਦੇ ਕਥਿਤ ਘਪਲੇ ’ਚ ਵੱਡੀ ਕਾਰਵਾਈ

0

ਚੰਡੀਗੜ੍ਹ: IDFC ਬੈਂਕ ਨਾਲ ਜੁੜੇ 645 ਕਰੋੜ ਰੁਪਏ ਦੇ ਕਥਿਤ ਘਪਲੇ ਦੀ ਜਾਂਚ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਕੀਤੀ ਹੈ। ਜਾਂਚ ਏਜੰਸੀ ਨੇ ਚੰਡੀਗੜ੍ਹ ਦੇ ਸੈਕਟਰ-35 ਸਥਿਤ ਸਾਵਨ ਜਿਊਲਰਜ਼ ਦੇ ਪਾਰਟਨਰ ਰਾਜਨ ਸਿੰਘ ਕਟੋਦੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਪੰਚਕੂਲਾ ਦੀ ਵਿਸ਼ੇਸ਼ PMLA ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਪੁੱਛਗਿੱਛ ਲਈ ਚਾਰ ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ।

ਜਿਊਲਰਜ਼ ਦੇ ਖਾਤੇ ’ਚ ਆਏ 332 ਕਰੋੜ ਰੁਪਏ

ED ਮੁਤਾਬਕ, ਸਾਵਨ ਜਿਊਲਰਜ਼ ਦੇ ਬੈਂਕ ਖਾਤੇ ਵਿੱਚ 6 ਨਵੰਬਰ 2024 ਤੋਂ 22 ਫਰਵਰੀ 2026 ਤੱਕ ਕਰੀਬ 332 ਕਰੋੜ ਰੁਪਏ ਜਮ੍ਹਾਂ ਹੋਏ ਸਨ। ਜਾਂਚ ਏਜੰਸੀ ਦਾ ਦਾਅਵਾ ਹੈ ਕਿ ਇਹ ਰਕਮ ਵੱਖ-ਵੱਖ ਕਥਿਤ ਫ਼ਰਜ਼ੀ ਕੰਪਨੀਆਂ ਅਤੇ ਸੰਸਥਾਵਾਂ ਰਾਹੀਂ ਟਰਾਂਸਫਰ ਕੀਤੀ ਗਈ ਸੀ।

ਹੁਣ ਏਜੰਸੀ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਪੈਸਾ ਕਿੱਥੋਂ ਆਇਆ, ਇਸ ਨੂੰ ਕਿਨ੍ਹਾਂ ਲੋਕਾਂ ਨੇ ਭੇਜਿਆ ਅਤੇ ਇਸ ਪੂਰੇ ਲੈਣ-ਦੇਣ ਵਿੱਚ ਹੋਰ ਕੌਣ-ਕੌਣ ਸ਼ਾਮਲ ਸੀ।

ਮੁੱਖ ਮੁਲਜ਼ਮ ਨਾਲ ਮਿਲ ਕੇ ਰਕਮ ਖਪਾਉਣ ਦਾ ਦੋਸ਼

ED ਦਾ ਦੋਸ਼ ਹੈ ਕਿ ਸਾਵਨ ਜਿਊਲਰਜ਼ ਦਾ ਕੰਮਕਾਜ ਸੰਭਾਲਣ ਵਾਲੇ ਰਾਜਨ ਸਿੰਘ ਕਟੋਦੀਆ ਨੇ ਕਥਿਤ ਤੌਰ ’ਤੇ ਮੁੱਖ ਮੁਲਜ਼ਮ ਰਿਭਵ ਰਿਸ਼ੀ ਅਤੇ ਹੋਰ ਵਿਅਕਤੀਆਂ ਨਾਲ ਮਿਲ ਕੇ ਸਰਕਾਰੀ ਵਿਭਾਗਾਂ ਦੀ ਰਕਮ ਨੂੰ ਟਿਕਾਣੇ ਲਾਉਣ ਦੀ ਸਾਜ਼ਿਸ਼ ਵਿੱਚ ਭੂਮਿਕਾ ਨਿਭਾਈ।

ਜਾਂਚ ਏਜੰਸੀ ਮੁਤਾਬਕ, ਇਸ ਮਾਮਲੇ ਵਿੱਚ ਹਰਿਆਣਾ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਪੈਸੇ ਦੀ ਹੇਰਾਫੇਰੀ ਦੀ ਜਾਂਚ ਕੀਤੀ ਜਾ ਰਹੀ ਹੈ। ED ਦਾ ਦਾਅਵਾ ਹੈ ਕਿ ਕਥਿਤ ਅਪਰਾਧ ਤੋਂ ਪ੍ਰਾਪਤ ਰਕਮ ਨੂੰ ਜਿਊਲਰੀ ਕਾਰੋਬਾਰ ਰਾਹੀਂ ਖਪਾਉਣ ਅਤੇ ਉਸ ਨੂੰ ਜਾਇਜ਼ ਪੈਸੇ ਵਜੋਂ ਦਰਸਾਉਣ ਵਿੱਚ ਮਦਦ ਕੀਤੀ ਗਈ।

ਫਿਲਹਾਲ ED ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਪੈਸੇ ਦੇ ਲੈਣ-ਦੇਣ ਅਤੇ ਇਸ ਮਾਮਲੇ ਵਿੱਚ ਹੋਰ ਲੋਕਾਂ ਦੀ ਭੂਮਿਕਾ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version