ਅੰਮ੍ਰਿਤਸਰ : ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਦੀ ਕਮਿਸ਼ਨਰ ਕਮਲਪ੍ਰੀਤ ਕੌਰ ਬਰਾੜ, ਜ਼ਿਲ੍ਹਾ ਮੈਜਿਸਟ੍ਰੇਟ ਦਲਵਿੰਦਰਜੀਤ ਸਿੰਘ ਅਤੇ ਸਿਵਲ ਸਰਜਨ ਡਾ. ਰਸ਼ਮੀ ਵਿਜ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਸਿਹਤ ਅਧਿਕਾਰੀ ਨੇ ਮੇਹਤਾ ਰੋਡ ‘ਤੇ ਇੱਕ ਡੇਅਰੀ, ਕਰਿਆਨਾ ਸਟੋਰ ਅਤੇ ਹਲਵਾਈ ਦੀ ਦੁਕਾਨ ‘ਤੇ ਛਾਪੇਮਾਰੀ ਕਰਕੇ 5 ਖੁਰਾਕੀ ਪਦਾਰਥਾਂ ਦੇ ਸੈਂਪਲ ਸੀਲ ਕੀਤੇ। ਇਨ੍ਹਾਂ ਵਿੱਚ ਕਾਲੇ ਚਣੇ, ਚਾਵਲ, ਦੁੱਧ, ਪਨੀਰ ਅਤੇ ਮਾਲ ਪੂੜੇ ਸ਼ਾਮਲ ਹਨ। ਲਏ ਗਏ ਸੈਂਪਲਾਂ ਨੂੰ ਜਾਂਚ ਲਈ ਖਰੜ ਲੈਬ ਭੇਜ ਦਿੱਤਾ ਗਿਆ ਹੈ। ਜਿਸ ਦੁਕਾਨਦਾਰ ਦੇ ਖੁਰਾਕੀ ਪਦਾਰਥਾਂ ਵਿੱਚ ਕੋਈ ਕਮੀ ਪਾਈ ਗਈ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ, ਜਿਸ ਤਹਿਤ ਉਸ ਨੂੰ ਜੁਰਮਾਨੇ ਦੇ ਨਾਲ-ਨਾਲ ਸਜ਼ਾ ਵੀ ਹੋ ਸਕਦੀ ਹੈ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਮਨਜੀਤ ਸਿੰਘ ਰਟੋਲ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਕੁਝ ਦੁਕਾਨਦਾਰ ਜਲਦੀ ਨਾਲ ਆਪਣੀਆਂ ਦੁਕਾਨਾਂ ਬੰਦ ਕਰਕੇ ਭੱਜ ਗਏ। ਉਨ੍ਹਾਂ ਨੇ ਇਨ੍ਹਾਂ ਦੁਕਾਨਦਾਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਲਦ ਹੀ ਦੁਬਾਰਾ ਟੀਮ ਦੇ ਨਾਲ ਉਨ੍ਹਾਂ ਦੀ ਦੁਕਾਨਾਂ ਤੇ ਛਾਪੇਮਾਰੀ ਕੀਤੀ ਜਾਵੇਗੀ ਕਿਉਂਕਿ ਜੋ ਦੁਕਾਨਦਾਰ ਭੱਜੇ ਸਨ ਜ਼ਰੂਰ ਉਨ੍ਹਾਂ ਦੇ ਖਾਣ-ਪੀਣ ਦੀਆਂ ਵਸਤਾਂ ਵਿੱਚ ਕਮੀ ਹੋਵੇਗੀ, ਜਿਸ ਕਾਰਨ ਉਨ੍ਹਾਂ ਨੇ ਦੁਕਾਨਾਂ ਬੰਦ ਕੀਤੀਆਂ ਹਨ।
ਖੁਰਾਕੀ ਪਦਾਰਥ ਖਰੀਦਣ ਤੋਂ ਪਹਿਲਾਂ ਕਰੋ ਜਾਂਚ
ਡਾ. ਰਟੌਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੁਰਾਕੀ ਪਦਾਰਥ ਖਰੀਦਣ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਜਾਂਚ ਕਰ ਲੈਣ ਕਿ ਕਿਤੇ ਉਸ ਦੀ ਮਿਆਦ ਤਾਂ ਖ਼ਤਮ ਨਹੀਂ ਹੋ ਚੁੱਕੀ। ਜੇਕਰ ਕੋਈ ਦੁਕਾਨਦਾਰ ਮਿਆਦ ਪੁੱਗਿਆ ਹੋਇਆ ਸਮਾਨ ਵੇਚਦਾ ਹੈ ਤਾਂ ਉਸ ਤੋਂ ਉਸ ਖੁਰਾਕੀ ਪਦਾਰਥ ਦਾ ਬਿੱਲ ਜ਼ਰੂਰ ਲਵੋ ਅਤੇ ਇਸ ਦੀ ਸ਼ਿਕਾਇਤ ਸਿਵਲ ਸਰਜਨ ਦਫ਼ਤਰ ਵਿੱਚ ਆ ਕੇ ਕਰੋ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਰਟੌਲ ਨੇ ਮਿਲਾਵਟਖੋਰੀ ਕਰਨ ਵਾਲਿਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਮਿਲਾਵਟਖੋਰੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਫੂਡ ਆਪਰੇਟਰ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਦੇ ਨਾਲ-ਨਾਲ ਪੁਲਿਸ ਵਿੱਚ ਵੀ ਸ਼ਿਕਾਇਤ ਦਰਜ ਕਰਵਾਈ ਜਾਵੇਗੀ।
ਫੂਡ ਲਾਇਸੈਂਸ ਰਜਿਸਟ੍ਰੇਸ਼ਨ ਲਾਜ਼ਮੀ
ਫੂਡ ਸੇਫਟੀ ਅਧਿਕਾਰੀ ਕਮਲਦੀਪ ਕੌਰ ਨੇ ਦੱਸਿਆ ਕਿ ਸਾਰੇ ਖੁਰਾਕੀ ਪਦਾਰਥ ਵੇਚਣ ਵਾਲਿਆਂ ਲਈ ਫੂਡ ਸੇਫਟੀ ਐਕਟ ਤਹਿਤ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੈ। ਜੇਕਰ ਚੈਕਿੰਗ ਦੌਰਾਨ ਕਿਸੇ ਖੁਰਾਕੀ ਪਦਾਰਥ ਵੇਚਣ ਵਾਲੇ ਕੋਲ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਤੋਂ ਬਿਨਾਂ ਪਾਏ ਜਾਂਦੇ ਹਨ ਤਾਂ ਉਨ੍ਹਾਂ ਦੀ ਦੁਕਾਨ ਨੂੰ ਮੌਕੇ ‘ਤੇ ਹੀ ਸੀਲ ਕੀਤਾ ਜਾ ਸਕਦਾ ਹੈ।
