ਫ਼ਰੀਦਕੋਟ: ਫ਼ਰੀਦਕੋਟ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਅਤੇ ਅਪਰਾਧਿਕ ਗਤੀਵਿਧੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਇੱਕ ਅੰਤਰਰਾਸ਼ਟਰੀ ਹਥਿਆਰ ਸਪਲਾਈ ਨੈੱਟਵਰਕ ਨਾਲ ਕਥਿਤ ਤੌਰ ’ਤੇ ਜੁੜੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 10 ਨਜਾਇਜ਼ ਪਿਸਟਲ ਅਤੇ 20 ਜਿੰਦਾ ਰੌਂਦ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਇਹ ਕਾਰਵਾਈ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਤੇ ਫ਼ਰੀਦਕੋਟ ਰੇਂਜ ਦੀ ਆਈ.ਜੀ. ਨਿਲਾਬਰੀ ਜੱਗਦਲੇ ਵਿਜੇ ਦੀ ਅਗਵਾਈ ਹੇਠ ਕੀਤੀ ਗਈ। ਐੱਸ.ਐੱਸ.ਪੀ. ਫ਼ਰੀਦਕੋਟ ਗੁਰਬੰਸ ਸਿੰਘ ਬੈਂਸ ਦੀ ਨਿਗਰਾਨੀ ਹੇਠ ਐੱਸ.ਪੀ. ਨਰਿੰਦਰ ਸਿੰਘ ਅਤੇ ਡੀ.ਐੱਸ.ਪੀ. ਅਵਤਾਰ ਸਿੰਘ ਦੀ ਦੇਖ-ਰੇਖ ਵਿੱਚ ਸੀ.ਆਈ.ਏ. ਸਟਾਫ਼ ਦੀ ਟੀਮ ਨੇ ਇਹ ਕਾਰਵਾਈ ਕੀਤੀ।
ਕੋਟਕਪੂਰਾ ਰੋਡ ਤੋਂ ਮਿਲੀ ਸੂਚਨਾ, ਪੁਲਿਸ ਨੇ ਕੀਤੀ ਕਾਰਵਾਈ
ਪੁਲਿਸ ਮੁਤਾਬਕ 16 ਸਤੰਬਰ ਨੂੰ ਏ.ਐੱਸ.ਆਈ. ਪਰਮਿੰਦਰ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ਼ ਦੀ ਟੀਮ ਕੋਟਕਪੂਰਾ ਰੋਡ ਨਹਿਰ ਪੁਲ, ਫ਼ਰੀਦਕੋਟ ਨੇੜੇ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਦੋ ਵਿਅਕਤੀ ਵੱਡੀ ਮਾਤਰਾ ਵਿੱਚ ਅਸਲਾ-ਐਮੂਨੇਸ਼ਨ ਲੈ ਕੇ ਤਲਵੰਡੀ ਭਾਈ ਰੋਡ ’ਤੇ ਕੇਂਦਰੀ ਮਾਡਰਨ ਜੇਲ੍ਹ ਫ਼ਰੀਦਕੋਟ ਦੇ ਨੇੜੇ ਘੁੰਮ ਰਹੇ ਹਨ।
ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਵੱਖ-ਵੱਖ ਕਿਸਮਾਂ ਦੇ 10 ਨਜਾਇਜ਼ ਪਿਸਟਲ ਅਤੇ 20 ਜਿੰਦਾ ਰੌਂਦ ਬਰਾਮਦ ਹੋਏ।
ਪਾਕਿਸਤਾਨ ਨਾਲ ਡਰੋਨ ਰਾਹੀਂ ਹਥਿਆਰ ਮੰਗਵਾਉਣ ਦਾ ਦਾਅਵਾ
ਮੁੱਢਲੀ ਜਾਂਚ ਬਾਰੇ ਪੁਲਿਸ ਨੇ ਦੱਸਿਆ ਕਿ ਇਹ ਗਿਰੋਹ ਕਥਿਤ ਤੌਰ ’ਤੇ ਪਾਕਿਸਤਾਨ ਵਿੱਚ ਮੌਜੂਦ ਸਮੱਗਲਰਾਂ ਦੇ ਸੰਪਰਕ ਵਿੱਚ ਸੀ ਅਤੇ ਡਰੋਨ ਰਾਹੀਂ ਹਥਿਆਰਾਂ ਤੇ ਐਮੂਨੇਸ਼ਨ ਦੀਆਂ ਖੇਪਾਂ ਮੰਗਵਾਉਣ ਦੀ ਗੱਲ ਸਾਹਮਣੇ ਆਈ ਹੈ।
ਪੁਲਿਸ ਅਨੁਸਾਰ ਇਸ ਮਾਮਲੇ ਵਿੱਚ ਦੀਪ ਸਿੰਘ ਉਰਫ਼ ਦੀਪਕ, ਵਾਸੀ ਰੌੜਾਂਵਾਲੀ, ਅਟਾਰੀ, ਜ਼ਿਲ੍ਹਾ ਅੰਮ੍ਰਿਤਸਰ, ਜਿਸ ਨੂੰ ਪੁਲਿਸ ਨੇ ਗਿਰੋਹ ਦਾ ਮੁੱਖ ਸਰਗਨਾ ਦੱਸਿਆ ਹੈ, ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਦੀਪ ਸਿੰਘ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਵੱਲੋਂ ਆਪਣੇ ਸਾਥੀਆਂ ਰਾਹੀਂ ਹਥਿਆਰਾਂ ਦੀ ਖੇਪ ਸੰਭਾਲਣ ਅਤੇ ਅੱਗੇ ਸਪਲਾਈ ਕਰਨ ਦੀ ਗੱਲ ਸਾਹਮਣੇ ਆਈ ਹੈ।
ਅੰਮ੍ਰਿਤਸਰ ਦੇ ਰਹਿਣ ਵਾਲੇ ਦੋਵੇਂ ਮੁਲਜ਼ਮ
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰਾਜਬੀਰ ਸਿੰਘ ਉਰਫ਼ ਅਮਿਤ, ਪੁੱਤਰ ਭੁਪਿੰਦਰ ਸਿੰਘ, ਵਾਸੀ ਛੇਹਰਟਾ, ਅੰਮ੍ਰਿਤਸਰ ਅਤੇ ਅਮਰ ਸਿੰਘ ਉਰਫ਼ ਅਮਰ, ਪੁੱਤਰ ਅਮਰੀਕ ਸਿੰਘ, ਵਾਸੀ ਬਾਬਾ ਦੀਪ ਸਿੰਘ ਕਾਲੋਨੀ, ਛੇਹਰਟਾ, ਅੰਮ੍ਰਿਤਸਰ ਵਜੋਂ ਹੋਈ ਹੈ।
ਪੁਲਿਸ ਦੀ ਮੁੱਢਲੀ ਤਫ਼ਤੀਸ਼ ਮੁਤਾਬਕ ਬਰਾਮਦ ਕੀਤੇ ਗਏ ਹਥਿਆਰ ਸਰਹੱਦੀ ਖੇਤਰ ਤੋਂ ਲਿਆ ਕੇ ਫ਼ਰੀਦਕੋਟ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅੱਗੇ ਸਪਲਾਈ ਕੀਤੇ ਜਾਣੇ ਸਨ।
10 ਪਿਸਟਲਾਂ ਵਿੱਚ ਵੱਖ-ਵੱਖ ਬੋਰ ਦੇ ਹਥਿਆਰ
ਪੁਲਿਸ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਬਰਾਮਦ ਹਥਿਆਰਾਂ ਵਿੱਚ 30 ਬੋਰ ਦੇ 3 ਜ਼ਿਗਾਨਾ ਪਿਸਟਲ, ਇੱਕ ਪੀਐਕਸ-5 ਸਟੌਰਮ 30 ਬੋਰ ਪਿਸਟਲ, ਇੱਕ ਦੇਸੀ 32 ਬੋਰ ਪਿਸਟਲ ਅਤੇ 4 ਦੇਸੀ 30 ਬੋਰ ਪਿਸਟਲ ਸ਼ਾਮਲ ਹਨ। ਇਸ ਤੋਂ ਇਲਾਵਾ 20 ਜਿੰਦਾ ਰੌਂਦ ਵੀ ਬਰਾਮਦ ਕੀਤੇ ਗਏ ਹਨ।
ਅਸਲਾ ਐਕਟ ਤਹਿਤ ਮਾਮਲਾ ਦਰਜ
ਇਸ ਸਬੰਧੀ ਥਾਣਾ ਸਿਟੀ ਫ਼ਰੀਦਕੋਟ ਵਿੱਚ ਮੁਕੱਦਮਾ ਨੰਬਰ 477, ਮਿਤੀ 16 ਸਤੰਬਰ 2026 ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਅਸਲਾ ਐਕਟ ਦੀਆਂ ਧਾਰਾਵਾਂ 25(6), 25(7), 54/59 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਰਿਕਾਰਡ ਮੁਤਾਬਕ ਦੀਪ ਸਿੰਘ ਉਰਫ਼ ਦੀਪਕ ਖ਼ਿਲਾਫ਼ ਪਹਿਲਾਂ ਵੀ ਥਾਣਾ ਘਰਿੰਡਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਐੱਨ.ਡੀ.ਪੀ.ਐੱਸ. ਐਕਟ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਪੂਰੇ ਨੈੱਟਵਰਕ ਦੀ ਜਾਂਚ ਜਾਰੀ
ਐੱਸ.ਐੱਸ.ਪੀ. ਫ਼ਰੀਦਕੋਟ ਗੁਰਬੰਸ ਸਿੰਘ ਬੈਂਸ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਹਥਿਆਰਾਂ ਦੇ ਸਰੋਤ, ਮੁਲਜ਼ਮਾਂ ਦੇ ਹੋਰ ਸਾਥੀਆਂ ਅਤੇ ਸੰਭਾਵਿਤ ਅੰਤਰਰਾਸ਼ਟਰੀ ਸੰਪਰਕਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦਾ ਮਕਸਦ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਨਾਲ ਜੁੜੇ ਪੂਰੇ ਨੈੱਟਵਰਕ ਦਾ ਪਤਾ ਲਗਾਉਣਾ ਹੈ। ਜ਼ਿਲ੍ਹੇ ਵਿੱਚ ਹਥਿਆਰਾਂ ਦੀ ਤਸਕਰੀ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਅਨਸਰਾਂ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ।
