ਚਮੋਲੀ : ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਪਿੱਪਲਕੋਟੀ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਟਿਹਰੀ ਹਾਈਡ੍ਰੋ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (THDC) ਦੀ ਨਿਰਮਾਣ ਸੁਰੰਗ ਵਿੱਚ ਅਚਾਨਕ ਪਾਣੀ ਅਤੇ ਮਲਬਾ ਦਾਖਲ ਹੋ ਗਿਆ, ਜਿਸ ਕਾਰਨ ਕਈ ਮਜ਼ਦੂਰ ਅੰਦਰ ਫਸ ਗਏ। ਇਸ ਹਾਦਸੇ ਵਿੱਚ ਹੁਣ ਤੱਕ ਸੱਤ ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਅਤੇ ਕਈ ਹੋਰ ਫਸੇ ਹੋਏ ਹਨ। NDRF ਅਤੇ SDRF ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ ਅਤੇ ਬਚਾਅ ਕਾਰਜ ਜੰਗੀ ਪੱਧਰ ‘ਤੇ ਜਾਰੀ ਹੈ।
ਹਸਪਤਾਲ ਲਿਆਂਦੇ ਗਏ 19 ਲੋਕਾਂ ਵਿੱਚੋਂ ਸੱਤ ਦੀ ਮੌਤ
ਅਧਿਕਾਰੀਆਂ ਦੇ ਅਨੁਸਾਰ, ਸੁਰੰਗ ਵਿੱਚੋਂ ਹੁਣ ਤੱਕ 19 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਇਲਾਜ ਦੇ ਲਈ ਗੋਪੇਸ਼ਵਰ ਦੇ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਹੈ। ਪਰ ਡਾਕਟਰਾਂ ਨੇ ਇਨ੍ਹਾਂ ਵਿੱਚੋਂ ਸੱਤ ਲੋਕਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ, ਜਦੋਂ ਕਿ 13 ਦੀ ਹਾਲਤ ਸਥਿਰ ਦੱਸੀ ਗਈ ਹੈ। ਡਾਕਟਰ ਦੇ ਅਨੁਸਾਰ, 10 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਇੱਕ ਨੌਜਵਾਨ ਦੀ ਹਾਲਤ ਗੰਭੀਰ ਹੈ ਅਤੇ ਉਸਨੂੰ ਸ਼੍ਰੀਨਗਰ ਦੇ ਬੇਸ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ।
ਸੁਰੰਗ ਵਿੱਚ ਵੱਡੀ ਮਾਤਰਾ ਵਿੱਚ ਭਰਿਆ ਪਾਣੀ
NDRF ਟੀਮ ਦੇ ਕਮਾਂਡਰ ਅੰਮ੍ਰਿਤ ਲਾਲ ਮੀਣਾ ਨੇ ਦੱਸਿਆ ਕਿ ਜਦੋਂ ਬਚਾਅ ਟੀਮ ਸੁਰੰਗ ਦੇ ਅੰਦਰ ਪਹੁੰਚੀ, ਤਾਂ ਇਹ ਵੱਡੀ ਮਾਤਰਾ ਵਿੱਚ ਪਾਣੀ ਨਾਲ ਭਰੀ ਹੋਈ ਸੀ। ਸੁਰੰਗ ਦੇ ਪਾਸਿਆਂ ਤੋਂ ਵੀ ਪਾਣੀ ਲਗਾਤਾਰ ਲੀਕ ਹੋ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਬਚਾਅ ਕਾਰਜ ਦੌਰਾਨ ਵਿਸ਼ੇਸ਼ ਉਪਕਰਣਾਂ ਦਾ ਇਸਤੇਮਾਲ ਕੀਤਾ ਗਿਆ ਅਤੇ ਚਾਰ ਲਾਸ਼ਾਂ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਇਹ ਕਾਰਜ ਅਜੇ ਵੀ ਜਾਰੀ ਹੈ ਅਤੇ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਅੰਦਰ ਫਸੇ ਸਾਰੇ ਲੋਕਾਂ ਨੂੰ ਬਚਾਇਆ ਨਹੀਂ ਜਾਂਦਾ।
ਹਾਦਸੇ ਸਮੇਂ 20-22 ਮਜ਼ਦੂਰ ਸਨ ਮੌਜੂਦ
THDC ਦੇ ਕਾਰਜਕਾਰੀ ਨਿਰਦੇਸ਼ਕ (ਪ੍ਰੋਜੈਕਟ) ਕੁਮਾਰ ਸ਼ਰਦ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਸੁਰੰਗ ਦੇ ਅੰਦਰ ਲਗਭਗ 20 ਤੋਂ 22 ਮਜ਼ਦੂਰ ਮੌਜੂਦ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ NDRF ਅਤੇ SDRF ਦੀਆਂ ਟੀਮਾਂ ਲਗਾਤਾਰ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਮੁੱਢਲੀ ਜਾਣਕਾਰੀ ਦੇ ਅਨੁਸਾਰ, 18 ਮਜ਼ਦੂਰਾਂ ਨੂੰ ਬਚਾ ਕੇ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ। ਇਨ੍ਹਾਂ ਵਿੱਚੋਂ 3 ਤੋਂ 4 ਮਜ਼ਦੂਰਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਵੇਲੇ, ਸੁਰੰਗ ਦੇ ਅੰਦਰ ਫਸੇ ਹੋਰ ਕਾਮਿਆਂ ਦੀ ਭਾਲ ਅਤੇ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਕਾਰਜ ਜਾਰੀ ਹਨ। ਅਧਿਕਾਰੀਆਂ ਦੀ ਤਰਜੀਹ ਸੁਰੰਗ ਵਿੱਚ ਫਸੇ ਸਾਰੇ ਲੋਕਾਂ ਨੂੰ ਜਲਦੀ ਤੋਂ ਜਲਦੀ ਬਾਹਰ ਕੱਢਿਆ ਹੈ।
