Home ਪੰਜਾਬ ਭੋਗਪੁਰ ਦੇ ਨਵੇਂ ਬੱਸ ਅੱਡੇ ’ਤੇ ਟਲਿਆ ਵੱਡਾ ਹਾਦਸਾ…

ਭੋਗਪੁਰ ਦੇ ਨਵੇਂ ਬੱਸ ਅੱਡੇ ’ਤੇ ਟਲਿਆ ਵੱਡਾ ਹਾਦਸਾ…

0

ਆਦਮਪੁਰ/ਭੋਗਪੁਰ: ਭੋਗਪੁਰ ਦੇ ਨਵੇਂ ਬਣੇ ਬੱਸ ਅੱਡੇ ’ਤੇ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਘਟਨਾ ਸਮੇਂ ਬੱਸ ਵਿੱਚ ਲਗਭਗ 25 ਤੋਂ 26 ਸਵਾਰੀਆਂ ਮੌਜੂਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਰੋਡਵੇਜ਼ ਦੀ ਇਹ ਬੱਸ ਜਲੰਧਰ ਤੋਂ ਦਸੂਹਾ ਵੱਲ ਜਾ ਰਹੀ ਸੀ। ਜਦੋਂ ਬੱਸ ਭੋਗਪੁਰ ਬੱਸ ਅੱਡੇ ਦੇ ਨੇੜੇ ਪਹੁੰਚੀ ਤਾਂ ਲੋਕਾਂ ਨੇ ਬੱਸ ਵਿੱਚੋਂ ਧੂੰਆਂ ਨਿਕਲਦਾ ਦੇਖਿਆ। ਇਸ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਡਰਾਈਵਰ ਅਤੇ ਕੰਡਕਟਰ ਨੂੰ ਇਸ ਬਾਰੇ ਸੂਚਿਤ ਕੀਤਾ।

ਸਥਿਤੀ ਨੂੰ ਦੇਖਦਿਆਂ ਬੱਸ ਵਿੱਚ ਮੌਜੂਦ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਨੇੜੇ ਮੌਜੂਦ ਨਗਰ ਕੌਂਸਲ ਦੇ ਮੁਲਾਜ਼ਮ ਵੀ ਮਦਦ ਲਈ ਅੱਗੇ ਆਏ। ਨਗਰ ਕੌਂਸਲ ਭੋਗਪੁਰ ਦੇ ਕਰਮਚਾਰੀਆਂ ਵੱਲੋਂ ਪਾਣੀ ਦਾ ਟੈਂਕਰ ਮੌਕੇ ’ਤੇ ਲਿਆਂਦਾ ਗਿਆ ਅਤੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਬੱਸ ਨੂੰ ਲੱਗੀ ਅੱਗ ’ਤੇ ਕਾਬੂ ਪਾਇਆ ਗਿਆ।

ਘਟਨਾ ਤੋਂ ਬਾਅਦ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਬੱਸਾਂ ਦੇ ਬੱਸ ਅੱਡੇ ਅੰਦਰ ਨਾ ਆਉਣ ਸਬੰਧੀ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਵਾਰ ਬੱਸਾਂ ਨੂੰ ਬੱਸ ਅੱਡੇ ਦੇ ਅੰਦਰ ਲਿਜਾਣ ਦੀ ਬਜਾਏ ਜੀਟੀ ਰੋਡ ਦੇ ਵਿਚਕਾਰ ਹੀ ਖੜ੍ਹਾ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਦੇ ਨਾਲ-ਨਾਲ ਹਾਦਸੇ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਬੱਸਾਂ ਨੂੰ ਨਿਰਧਾਰਤ ਥਾਂ ’ਤੇ ਖੜ੍ਹਾ ਕੀਤਾ ਜਾਵੇ ਅਤੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਅਜਿਹੀਆਂ ਸਥਿਤੀਆਂ ਤੋਂ ਬਚਿਆ ਜਾ ਸਕਦਾ ਹੈ।

ਫਿਲਹਾਲ ਬੱਸ ਨੂੰ ਅੱਗ ਲੱਗਣ ਦੇ ਅਸਲ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਤੋਂ ਬਾਅਦ ਹੀ ਇਸ ਬਾਰੇ ਪੂਰੀ ਤਸਵੀਰ ਸਾਫ਼ ਹੋ ਸਕੇਗੀ।

NO COMMENTS

LEAVE A REPLY

Please enter your comment!
Please enter your name here

Exit mobile version