ਹਾਂਗਕਾਂਗ : ਅੱਜ ਸਵੇਰੇ ਹਾਂਗਕਾਂਗ ਅੰਤਰਰਾਸ਼ਟਰੀ ਏਅਰਪੋਰਟ ‘ਤੇ ਵੱਡਾ ਹਾਦਸਾ ਵਾਪਰਿਆ, ਜਦੋਂ ਇੱਕ ਕਾਰਗੋ ਜਹਾਜ਼ ਹਵਾਈ ਅੱਡੇ ‘ਤੇ ਉਤਰਦੇ ਸਮੇਂ ਰਨਵੇ ਤੋਂ ਫਿਸਲ ਕੇ ਸਮੁੰਦਰ ਵਿੱਚ ਡਿੱਗ ਗਿਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਗਿਆ ਹੈ ਕਿ ਹਾਦਸਾ ਸਥਾਨਕ ਸਮੇਂ ਅਨੁਸਾਰ ਅੱਜ 20 ਅਕਤੂਬਰ ਨੂੰ ਸਵੇਰੇ ਲਗਭਗ 3:50 ਵਜੇ ਹੋਇਆ। ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ਤੁਰਕੀ ਦੇ ਮਾਲਵਾਹਕ ਕੈਰੀਅਰ ਤੋਂ ਚਲਾਇਆ ਜਾ ਰਿਹਾ ਬੋਇੰਗ 747 ਸੀ, ਜੋ ਦੁਬਈ ਤੋਂ ਉਡਾਣ ਭਰ ਰਿਹਾ ਸੀ।
ਗਸ਼ਤੀ ਗੱਡੀ ਨਾਲ ਟਕਰਾਇਆ ਜਹਾਜ਼
ਹਾਂਗਕਾਂਗ ਹਵਾਈ ਅੱਡਾ ਅਥਾਰਿਟੀ ਨੇ ਦੱਸਿਆ ਕਿ ਜਹਾਜ਼ ਲੈਂਡਿੰਗ ਦੌਰਾਨ ਉੱਤਰੀ ਰਨਵੇ ਤੋਂ ਅੱਗੇ ਨਿਕਲ ਗਿਆ ਅਤੇ ਹਵਾਈ ਅੱਡੇ ਦੇ ਕਿਨਾਰੇ ਪਾਣੀ ਵਿੱਚ ਇਸਦਾ ਕੁਝ ਹਿੱਸਾ ਡੁੱਬ ਗਿਆ। ਹਾਂਗਕਾਂਗ ਏਅਰਪੋਰਟ ਆਪਰੇਸ਼ਨਜ਼ ਦੇ ਕਾਰਜਕਾਰੀ ਡਾਇਰੈਕਟਰ ਸਟੀਵਨ ਯਿਉ ਨੇ ਕਿਹਾ, “ਬਦਕਿਸਮਤੀ ਨਾਲ ਉਸ ਸਮੇਂ ਉੱਥੇ ਹਵਾਈ ਅੱਡੇ ਦੀ ਸੁਰੱਖਿਆ ਗਸ਼ਤੀ ਗੱਡੀ ਮੌਜੂਦ ਸੀ। ਜਹਾਜ਼ ਗਸ਼ਤੀ ਗੱਡੀ ਨਾਲ ਟਕਰਾ ਗਿਆ ਅਤੇ ਗੱਡੀ ਨੂੰ ਧੱਕਾ ਮਾਰਦਾ ਹੋਇਆ ਸਮੁੰਦਰ ਵਿੱਚ ਜਾ ਡਿੱਗਿਆ।”
ਹਾਦਸੇ ਤੋਂ ਬਾਅਦ ਟੁੱਟ ਗਿਆ ਜਹਾਜ਼
ਇੱਕ ਜਹਾਜ਼ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਅੱਧਾ ਪਾਣੀ ਵਿੱਚ ਡੁੱਬਿਆ ਦਿਖਾਈ ਦੇ ਰਿਹਾ ਹੈ। ਉਸਦਾ ਪਿਛਲਾ ਹਿੱਸਾ ਟੁੱਟਿਆ ਹੋਇਆ ਹੈ ਅਤੇ ਕਾਕਪਿਟ ਦੇ ਹੇਠਾਂ ਜਹਾਜ਼ ਦੇ ਅਗਲੇ ਹਿੱਸੇ ਨੂੰ ਵੀ ਬਹੁਤ ਨੁਕਸਾਨ ਪਹੁੰਚਿਆ ਹੈ।
