ਮੱਧ ਪ੍ਰਦੇਸ਼ : ਜਬਲਪੁਰ ਜ਼ਿਲ੍ਹੇ ਵਿੱਚ ਅਜਿਹੇ ਪਟਾਕਿਆਂ ਦੀ ਖ਼ਰੀਦੋ-ਵਿਕਰੀ ਅਤੇ ਸਟੋਰੇਜ ਅਤੇ ਆਵਾਜਾਈ ‘ਤੇ ਰੋਕ ਲਾ ਦਿੱਤੀ ਹੈ, ਜਿਨ੍ਹਾਂ ਦੇ ਬਣਾਉਣ ਵਿੱਚ ਬੇਰੀਅਮ ਸਾਲਟ ਦਾ ਇਸਤੇਮਾਲ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਰਾਘਵੇਂਦਰ ਸਿੰਘ ਨੇ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਮੱਧ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਜਬਲਪੁਰ ਦੇ ਖੇਤਰੀ ਅਧਿਕਾਰੀ ਵੱਲੋਂ ਭੇਜੀ ਗਈ ਹਵਾ ਗੁਣਵੱਤਾ ਰਿਪੋਰਟ ਨੂੰ ਦੇਖਦੇ ਹੋਏ ਇਹ ਹੁਕਮ ਜਾਰੀ ਕੀਤਾ।
ਇੱਥੇ ਪਟਾਕੇ ਚਲਾਉਣ ਦੀ ਹੋਵੇਗੀ ਮਨਾਹੀ
ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਨਿੱਜੀ ਵਿਅਕਤੀਆਂ ਦੁਆਰਾ ਈ-ਕਾਮਰਸ ਜਾਂ ਔਨਲਾਈਨ ਰਾਹੀਂ ਪਟਾਕਿਆਂ ਦੀ ਵਿਕਰੀ ਦੇ ਨਾਲ-ਨਾਲ ਪਟਾਕਿਆਂ ਦੀ ਬਿਨਾਂ ਲਾਇਸੈਂਸ ਵਿਕਰੀ ‘ਤੇ ਵੀ ਪਾਬੰਦੀ ਹੋਵੇਗੀ। ਰਾਤ 8 ਵਜੇ ਤੋਂ ਪਹਿਲਾਂ ਅਤੇ ਰਾਤ 10 ਵਜੇ ਤੋਂ ਬਾਅਦ ਪਟਾਕੇ ਚਲਾਉਣ ‘ਤੇ ਵੀ ਪਾਬੰਦੀ ਹੋਵੇਗੀ। ਤਿਉਹਾਰ ਦੌਰਾਨ, ਹਸਪਤਾਲਾਂ, ਨਰਸਿੰਗ ਹੋਮਾਂ, ਸਿਹਤ ਕੇਂਦਰਾਂ, ਵਿਦਿਅਕ ਸੰਸਥਾਵਾਂ, ਅਦਾਲਤਾਂ, ਧਾਰਮਿਕ ਸਥਾਨਾਂ ਆਦਿ ਵਰਗੇ ਸਾਈਲੈਂਟ ਜ਼ੋਨਾਂ ਦੇ 100 ਮੀਟਰ ਦੇ ਅੰਦਰ ਪਟਾਕੇ ਚਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਆਰਡੀਨੈਂਸ ਫੈਕਟਰੀਆਂ, ਪੈਟਰੋਲ ਪੰਪਾਂ, ਗੈਸ ਗੋਦਾਮਾਂ ਆਦਿ ਵਰਗੇ ਜਲਣਸ਼ੀਲ ਖੇਤਰਾਂ ਦੇ ਨੇੜੇ ਵੀ ਪਟਾਕੇ ਚਲਾਉਣ ਦੀ ਮਨਾਹੀ ਹੋਵੇਗੀ।
ਲਾਈਸੈਂਸ ਧਾਰੀਆਂ ਤੋਂ ਲਿਆ ਜਾਵੇਗਾ ਐਲਾਨ ਪੱਤਰ
ਜਬਲਪੁਰ, ਪਟਾਕਾ ਅਤੇ ਵਿਸਫੋਟਕ ਲਾਇਸੈਂਸਧਾਰੀਆਂ ਤੋਂ ਇਸ ਗੱਲ ਦਾ ਸਵੈ-ਐਲਾਨ ਪੱਤਰ ਲਿਆ ਜਾਵੇਗਾ ਕਿ ਉਹ ਸੁਪਰੀਮ ਕੋਰਟ ਵੱਲੋਂ ਬੈਨ ਕੀਤੇ ਪਟਾਕੇ ਨਹੀਂ ਬਣਾ ਰਹੇ। ਇਨ੍ਹਾਂ ਦੀ ਢੋਆ-ਢੁਆਈ ਅਤੇ ਵਿਕਰੀ ਵੀ ਨਹੀਂ ਕਰ ਰਹੇ। ਇਸ ਬਾਰੇ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਕੁਲੈਕਟਰ ਰਾਘਵੇਂਦਰ ਸਿੰਘ ਨੇ ਸਾਰੇ ਸਬ-ਡਵੀਜ਼ਨਲ ਮੈਜਿਸਟਰੇਟਾਂ ਨੂੰ ਹੁਕਮ ਜਾਰੀ ਕੀਤੇ ਹਨ।
