Home ਸੰਸਾਰ 102 ਸਾਲ ਦੀ ਉਮਰ ’ਚ ਦੁਨੀਆ ਨੂੰ ਅਲਵਿਦਾ ਕਹਿ ਗਈ ਦਿੱਗਜ ਹਾਲੀਵੁੱਡ...

102 ਸਾਲ ਦੀ ਉਮਰ ’ਚ ਦੁਨੀਆ ਨੂੰ ਅਲਵਿਦਾ ਕਹਿ ਗਈ ਦਿੱਗਜ ਹਾਲੀਵੁੱਡ ਅਦਾਕਾਰਾ

0

ਵਾਸ਼ਿੰਗਟਨ: ਹਾਲੀਵੁੱਡ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਆਸਕਰ ਜੇਤੂ ਮਸ਼ਹੂਰ ਅਦਾਕਾਰਾ ਈਵਾ ਮੈਰੀ ਸੇਂਟ ਦਾ 102 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ‘ਪੀਪਲ’ ਮੈਗਜ਼ੀਨ ਮੁਤਾਬਕ ਉਨ੍ਹਾਂ ਨੇ ਬੀਤੇ ਦਿਨੀਂ ਨੂੰ ਲਾਸ ਏਂਜਲਸ ਸਥਿਤ ਆਪਣੇ ਘਰ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਦੱਸੀ ਜਾ ਰਹੀ ਹੈ। ਆਖਰੀ ਸਮੇਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਲੋਕ ਉਨ੍ਹਾਂ ਦੇ ਨਾਲ ਮੌਜੂਦ ਸਨ।

ਈਵਾ ਮੈਰੀ ਸੇਂਟ ਆਪਣੇ ਲੰਮੇ ਫ਼ਿਲਮੀ ਕਰੀਅਰ ਦੌਰਾਨ ਕਈ ਯਾਦਗਾਰ ਕਿਰਦਾਰ ਨਿਭਾਉਣ ਲਈ ਜਾਣੀ ਜਾਂਦੀ ਸੀ। ‘On the Waterfront’ ਅਤੇ ‘North by Northwest’ ਉਨ੍ਹਾਂ ਦੀਆਂ ਸਭ ਤੋਂ ਚਰਚਿਤ ਫ਼ਿਲਮਾਂ ਵਿੱਚ ਸ਼ਾਮਲ ਹਨ।

‘On the Waterfront’ ਲਈ ਮਿਲਿਆ ਸੀ ਆਸਕਰ

ਈਵਾ ਮੈਰੀ ਸੇਂਟ ਦਾ ਜਨਮ 4 ਜੁਲਾਈ 1924 ਨੂੰ ਨੇਵਾਰਕ, ਨਿਊ ਜਰਸੀ ਵਿੱਚ ਹੋਇਆ ਸੀ। ਉਨ੍ਹਾਂ ਨੇ ਓਹਾਇਓ ਦੀ ਬੌਲਿੰਗ ਗ੍ਰੀਨ ਸਟੇਟ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ। ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਰੇਡੀਓ ਅਤੇ ਟੈਲੀਵਿਜ਼ਨ ਵਿੱਚ ਕੰਮ ਕੀਤਾ ਅਤੇ 1953 ਵਿੱਚ ਬ੍ਰਾਡਵੇਅ ’ਤੇ ਵੀ ਕਦਮ ਰੱਖਿਆ।

1954 ਵਿੱਚ ਉਨ੍ਹਾਂ ਨੇ ਐਲੀਆ ਕਜ਼ਾਨ ਦੀ ਫ਼ਿਲਮ ‘On the Waterfront’ ਰਾਹੀਂ ਵੱਡੇ ਪਰਦੇ ’ਤੇ ਡੈਬਿਊ ਕੀਤਾ। ਫ਼ਿਲਮ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਅਤੇ ਆਲੋਚਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਇਸੇ ਭੂਮਿਕਾ ਲਈ ਉਨ੍ਹਾਂ ਨੂੰ ਬੈਸਟ ਸਪੋਰਟਿੰਗ ਐਕਟ੍ਰੈੱਸ ਦਾ ਆਸਕਰ ਐਵਾਰਡ ਮਿਲਿਆ।

ਖਾਸ ਗੱਲ ਇਹ ਸੀ ਕਿ ਆਸਕਰ ਮਿਲਣ ਸਮੇਂ ਉਹ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਤੋਂ ਸਿਰਫ਼ ਦੋ ਦਿਨ ਦੂਰ ਸਨ। ਐਵਾਰਡ ਲੈਂਦਿਆਂ ਉਨ੍ਹਾਂ ਨੇ ਇਸ ਸਥਿਤੀ ਨੂੰ ਲੈ ਕੇ ਹਲਕੇ-ਫੁਲਕੇ ਅੰਦਾਜ਼ ਵਿੱਚ ਮਜ਼ਾਕ ਵੀ ਕੀਤਾ ਸੀ।

‘North by Northwest’ ਨੇ ਬਣਾਈ ਵੱਖਰੀ ਪਛਾਣ

ਆਪਣੇ ਕਰੀਅਰ ਦੌਰਾਨ ਈਵਾ ਮੈਰੀ ਸੇਂਟ ਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ। ਇਨ੍ਹਾਂ ਵਿੱਚ ‘A Hatful of Rain’, ‘Raintree County’, ‘Exodus’, ‘All Fall Down’, ‘36 Hours’, ‘Grand Prix’ ਅਤੇ ਹੋਰ ਕਈ ਫ਼ਿਲਮਾਂ ਸ਼ਾਮਲ ਹਨ।

ਹਾਲਾਂਕਿ ਉਨ੍ਹਾਂ ਦੇ ਸਭ ਤੋਂ ਯਾਦਗਾਰ ਕਿਰਦਾਰਾਂ ਵਿੱਚੋਂ ਇੱਕ ਅਲਫ੍ਰੇਡ ਹਿਚਕਾਕ ਦੀ 1959 ਦੀ ਫ਼ਿਲਮ ‘North by Northwest’ ਵਿੱਚ ਸੀ। ਇਸ ਫ਼ਿਲਮ ਵਿੱਚ ਉਨ੍ਹਾਂ ਨੇ ਅਦਾਕਾਰ ਕੈਰੀ ਗ੍ਰਾਂਟ ਦੇ ਨਾਲ ਈਵ ਕੇਂਡਲ ਦਾ ਕਿਰਦਾਰ ਨਿਭਾਇਆ ਸੀ। ਇਹ ਫ਼ਿਲਮ ਉਨ੍ਹਾਂ ਦੇ ਕਰੀਅਰ ਦੀਆਂ ਸਭ ਤੋਂ ਮਸ਼ਹੂਰ ਫ਼ਿਲਮਾਂ ਵਿੱਚ ਗਿਣੀ ਜਾਂਦੀ ਹੈ।

ਟੈਲੀਵਿਜ਼ਨ ’ਤੇ ਵੀ ਰਿਹਾ ਲੰਮਾ ਸਫ਼ਰ

ਫ਼ਿਲਮਾਂ ਦੇ ਨਾਲ-ਨਾਲ ਈਵਾ ਮੈਰੀ ਸੇਂਟ ਦਾ ਟੈਲੀਵਿਜ਼ਨ ਕਰੀਅਰ ਵੀ ਕਾਫ਼ੀ ਲੰਮਾ ਰਿਹਾ। ਉਨ੍ਹਾਂ ਨੇ ਵੱਖ-ਵੱਖ ਟੈਲੀਵਿਜ਼ਨ ਸ਼ੋਅਜ਼ ਵਿੱਚ ਕੰਮ ਕੀਤਾ ਅਤੇ ਆਪਣੀ ਅਦਾਕਾਰੀ ਦੀ ਵੱਖਰੀ ਛਾਪ ਛੱਡੀ।

ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ 1951 ਵਿੱਚ ਉਨ੍ਹਾਂ ਦੀ ਮੁਲਾਕਾਤ ਟੈਲੀਵਿਜ਼ਨ ਡਾਇਰੈਕਟਰ ਜੇਫ਼ਰੀ ਹੇਡਨ ਨਾਲ ਹੋਈ ਸੀ। ਦੋਵਾਂ ਨੇ ਬਾਅਦ ਵਿੱਚ ਵਿਆਹ ਕਰ ਲਿਆ ਅਤੇ ਇਹ ਰਿਸ਼ਤਾ ਛੇ ਦਹਾਕਿਆਂ ਤੋਂ ਵੀ ਵੱਧ ਸਮੇਂ ਤੱਕ ਚੱਲਿਆ। ਇਸ ਜੋੜੇ ਦੇ ਦੋ ਬੱਚੇ ਡੈਰੇਲ ਅਤੇ ਲੌਰੇਟ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਚਾਰ ਪੋਤੇ-ਪੋਤੀਆਂ ਅਤੇ ਦੋ ਪੜਪੋਤੇ-ਪੜਪੋਤੀਆਂ ਵੀ ਹਨ।

2011 ਵਿੱਚ ਈਵਾ ਮੈਰੀ ਸੇਂਟ ਅਤੇ ਜੇਫ਼ਰੀ ਹੇਡਨ ਏ.ਆਰ. ਗਰਨੀ ਦੇ ਨਾਟਕ ‘Love Letters’ ਦੇ ਇੱਕ ਪ੍ਰੋਡਕਸ਼ਨ ਵਿੱਚ ਇਕੱਠੇ ਵੀ ਨਜ਼ਰ ਆਏ ਸਨ।

NO COMMENTS

LEAVE A REPLY

Please enter your comment!
Please enter your name here

Exit mobile version