ਸ਼੍ਰੀਨਗਰ : ਪਾਕਿਸਤਾਨ ਦੇ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦਾ ਮੋਸਟ ਵਾਂਟੇਡ ਅੱਤਵਾਦੀ ਬੀਤੇ ਦਿਨ ਮੱਧ ਕਸ਼ਮੀਰ ਦੇ ਬਡਗਾਮ ਜ਼੍ਹਿਲ੍ਹੇ ਦੇ ਉੱਚੇ ਇਲਾਕਿਆਂ ‘ਚ ਰਾਸ਼ਟਰੀ ਰਾਈਫਲਜ਼ ਨਾਲ ਹੋਏ ਮੁਕਾਬਲੇ ‘ਚ ਮਾਰਿਆ ਗਿਆ। ਇਸ ਦੀ ਪੁਸ਼ਟੀ ਸੁਰੱਖਿਆ ਅਧਿਕਾਰੀਆਂ ਨੇ ਕੀਤੀ ਹੈ। ਹਾਲਾਂਕਿ ਕਸ਼ਮੀਰ ਦੀ ਚਿਨਾਰ ਕੋਰ ਨੇ ਮਾਰੇ ਗਏ ਅੱਤਵਾਦੀ ਦੀ ਪਛਾਣ ਨਹੀਂ ਦੱਸੀ, ਪਰ ਅਧਿਕਾਰੀਆਂ ਨੇ ਉਸ ਦੀ ਪਛਾਣ ਸੁਲੇਮਾਨ ਸ਼ਾਹ ਉਰਫ ਮੂਸਾ ਵਜੋਂ ਕੀਤੀ ਹੈ।
ਫੌਜ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਹੋਰ ਸੁਰੱਖਿਆ ਬਲਾਂ ਨਾਲ ਮਿਲ ਕੇ ਮੱਧ ਕਸ਼ਮੀਰ ਦੇ ਯੁਸਮਾਰਗ ਦੇ ਕੋਰਾਗ ਦੇ ਜਨਰਲ ਖੇਤਰ ‘ਚ ਮੁਹਿੰਮ ਸ਼ੁਰੂ ਕੀਤੀ। ਚੌਕਸ ਸਿਪਾਹੀਆਂ ਨੇ ਸ਼ੱਕੀ ਗਤੀਵਿਧੀ ਦੇਖੀ ਅਤੇ ਇੱਕ ਚੁਣੌਤੀ ਜਾਰੀ ਕੀਤੀ। ਇਸ ਤੋਂ ਬਾਅਦ ਜਦੋਂ ਲਲਕਾਰਿਆ ਗਿਆ ਤਾਂ ਅੱਤਵਾਦੀਆਂ ਨੇ ਗੋਲੀਬਾਰੀ ਕਰ ਦਿੱਤੀ, ਜਿਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਹੋਈ, ਜਿਸ ‘ਚ ਇਕ ਅੱਤਵਾਦੀ ਮਾਰਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਆਪਰੇਸ਼ਨ ਦੌਰਾਨ ਦੁਧਪਥਰੀ ਦੇ ਦੂਰ-ਦੁਰਾਡੇ ਜੰਗਲੀ ਇਲਾਕੇ ‘ਚ ਗੋਲੀਬਾਰੀ ਦੌਰਾਨ ਮੂਸਾ ਮਾਰਿਆ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਮੂਸਾ, ਜੋ ਪਿਛਲੇ ਕਈ ਸਾਲਾਂ ਤੋਂ ਪੀਰ ਪੰਜਾਲ ਰੇਂਜ ਦੇ ਦੋਵੇਂ ਪਾਸੇ ਕਈ ਹਮਲਿਆਂ ਵਿੱਚ ਸ਼ਾਮਲ ਸੀ, ਇਸ ਮਹੀਨੇ ਦੇ ਸ਼ੁਰੂ ਵਿੱਚ ਯੂਸਮਾਰਗ ਪਹਾੜੀਆਂ ਵਿੱਚ ਇੱਕ ਮੁਕਾਬਲੇ ਤੋਂ ਬਚ ਗਿਆ ਸੀ। ਉਸ ਦਾ ਕਰੀਬੀ ਦੋਸਤ ਯਾਸਿਰ 5 ਸਤੰਬਰ ਨੂੰ ਉਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੂਸਾ ਦੀ ਹੱਤਿਆ ਨੂੰ ਜੰਮੂ-ਕਸ਼ਮੀਰ ‘ਚ ਸਰਗਰਮ ਲਸ਼ਕਰ ਲਈ ਸਭ ਤੋਂ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਹੋਰ ਜਾਣਕਾਰੀ ਦੀ ਉਡੀਕ ਹੈ।
