Krishna Janmashtami 2026 Shubh Muhurat: ਦੇਸ਼ ਭਰ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਪਵਿੱਤਰ ਤਿਉਹਾਰ ਕ੍ਰਿਸ਼ਨ ਅਸ਼ਟਮੀ, ਗੋਕੁਲ ਅਸ਼ਟਮੀ, ਕ੍ਰਿਸ਼ਨ ਜਯੰਤੀ ਅਤੇ ਸ਼੍ਰੀ ਕ੍ਰਿਸ਼ਨ ਜਯੰਤੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਹਿੰਦੂ ਮਾਨਤਾਵਾਂ ਅਨੁਸਾਰ, ਇਹ ਤਿਉਹਾਰ ਭਗਵਾਨ ਵਿਸ਼ਨੂੰ ਦੇ ਅੱਠਵੇਂ ਅਵਤਾਰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ।
ਭਗਤ ਇਸ ਦਿਨ ਵਰਤ ਰੱਖਦੇ ਹਨ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਬਾਲ ਰੂਪ ਲੱਡੂ ਗੋਪਾਲ ਦੀ ਵਿਸ਼ੇਸ਼ ਪੂਜਾ ਕਰਦੇ ਹਨ। ਆਓ ਜਾਣਦੇ ਹਾਂ ਕ੍ਰਿਸ਼ਨ ਜਨਮ ਅਸ਼ਟਮੀ 2026 ਦਾ ਸ਼ੁਭ ਮੁਹੂਰਤ, ਪੂਜਾ ਸਮੱਗਰੀ, ਪੂਜਾ ਵਿਧੀ, ਮੰਤਰ ਅਤੇ ਕੁਝ ਖਾਸ ਉਪਾਅ।

ਕ੍ਰਿਸ਼ਨ ਜਨਮ ਅਸ਼ਟਮੀ 2026 ਦਾ ਸ਼ੁਭ ਮੁਹੂਰਤ
ਪੰਚਾਂਗ ਅਨੁਸਾਰ ਭਾਦਰਪਦ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ 4 ਸਤੰਬਰ ਯਾਨੀ ਅੱਜ ਅੱਧੀ ਰਾਤ 2 ਵੱਜ ਕੇ 25 ਮਿੰਟ ਤੋਂ ਸ਼ੁਰੂ ਹੋ ਕੇ 5 ਸਤੰਬਰ ਦੀ ਰਾਤ 12 ਵੱਜ ਕੇ 13 ਮਿੰਟ ਤੱਕ ਰਹੇਗੀ।
ਸ਼੍ਰੀ ਕ੍ਰਿਸ਼ਨ ਦੀ ਪੂਜਾ ਦਾ ਮੁੱਖ ਮੁਹੂਰਤ ਰਾਤ 11 ਵੱਜ ਕੇ 57 ਮਿੰਟ ਤੋਂ ਲੈ ਕੇ 12 ਵੱਜ ਕੇ 42 ਮਿੰਟ ਤੱਕ ਰਹੇਗਾ। ਇਸ ਦੌਰਾਨ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਉਤਸਵ ਦੀ ਪੂਜਾ ਕੀਤੀ ਜਾਵੇਗੀ। ਇਸ ਲਈ ਭਗਤਾਂ ਨੂੰ ਕਰੀਬ 45 ਮਿੰਟ ਦਾ ਸਮਾਂ ਮਿਲੇਗਾ।
ਮਾਨਤਾ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਰੋਹਿਣੀ ਨਕਸ਼ਤਰ ਵਿੱਚ ਹੋਇਆ ਸੀ। ਇਸ ਵਾਰ ਜਨਮ ਅਸ਼ਟਮੀ ’ਤੇ ਰੋਹਿਣੀ ਨਕਸ਼ਤਰ ਅੱਧੀ ਰਾਤ ਤੋਂ ਬਾਅਦ ਲੱਗੇਗਾ, ਜਦਕਿ ਰੋਹਿਣੀ ਨਕਸ਼ਤਰ ਦਾ ਸਮਾਂ 5 ਸਤੰਬਰ ਨੂੰ ਰਾਤ 11 ਵੱਜ ਕੇ 4 ਮਿੰਟ ਤੱਕ ਰਹੇਗਾ।
ਜਨਮ ਅਸ਼ਟਮੀ ਦੀ ਪੂਜਾ ਸਮੱਗਰੀ
ਜਨਮ ਅਸ਼ਟਮੀ ਦੇ ਦਿਨ ਲੱਡੂ ਗੋਪਾਲ ਦੀ ਪੂਜਾ ਅਤੇ ਸ਼ਿੰਗਾਰ ਲਈ ਬਾਲ ਗੋਪਾਲ ਦੀ ਮੂਰਤੀ, ਝੂਲਾ, ਨਵੇਂ ਕੱਪੜੇ, ਮੁਕਟ, ਬਾਂਸਰੀ, ਮੋਰ ਪੰਖ, ਚੰਦਨ, ਰੋਲੀ, ਅਕਸ਼ਤ, ਦੀਵਾ, ਧੂਪ, ਕਪੂਰ ਅਤੇ ਤਾਜ਼ੇ ਫੁੱਲਾਂ ਦੀ ਲੋੜ ਹੁੰਦੀ ਹੈ।
ਇਸ ਤੋਂ ਇਲਾਵਾ ਭਗਵਾਨ ਦੇ ਅਭਿਸ਼ੇਕ ਲਈ ਪੰਚਾਮ੍ਰਿਤ, ਜਿਸ ਵਿੱਚ ਦੁੱਧ, ਦਹੀਂ, ਘਿਓ, ਸ਼ਹਿਦ ਅਤੇ ਗੰਗਾਜਲ ਸ਼ਾਮਲ ਹੁੰਦੇ ਹਨ, ਤਿਆਰ ਰੱਖਣਾ ਚਾਹੀਦਾ ਹੈ। ਭੋਗ ਵਜੋਂ ਮੱਖਣ-ਮਿਸ਼ਰੀ, ਧਨੀਆ ਪੰਜੀਰੀ, ਮੇਵੇ, ਮਿਠਾਈ ਅਤੇ ਪਾਨ-ਸੁਪਾਰੀ ਆਦਿ ਵੀ ਚੜ੍ਹਾਏ ਜਾਂਦੇ ਹਨ। ਭੋਗ ਵਿੱਚ ਤੁਲਸੀ ਦਲ ਸ਼ਾਮਲ ਕਰਨਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ।
ਕ੍ਰਿਸ਼ਨ ਜਨਮ ਅਸ਼ਟਮੀ ’ਤੇ ਇਸ ਤਰ੍ਹਾਂ ਕਰੋ ਪੂਜਾ
ਜਨਮ ਅਸ਼ਟਮੀ ਦੇ ਦਿਨ ਸਵੇਰੇ ਇਸ਼ਨਾਨ ਕਰਕੇ ਸਾਫ਼ ਕੱਪੜੇ ਪਹਿਨੋ ਅਤੇ ਵਰਤ ਦਾ ਸੰਕਲਪ ਲਓ। ਇਸ ਤੋਂ ਬਾਅਦ ਪੂਜਾ ਸਥਾਨ ਜਾਂ ਮੰਦਰ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਸਜਾਓ ਅਤੇ ਲੱਡੂ ਗੋਪਾਲ ਲਈ ਸੁੰਦਰ ਝੂਲਾ ਤਿਆਰ ਕਰੋ।
ਮੁੱਖ ਪੂਜਾ ਆਮ ਤੌਰ ’ਤੇ ਅੱਧੀ ਰਾਤ ਨੂੰ ਕੀਤੀ ਜਾਂਦੀ ਹੈ, ਕਿਉਂਕਿ ਮਾਨਤਾ ਅਨੁਸਾਰ ਇਸੇ ਸਮੇਂ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਹੋਇਆ ਸੀ। ਸਭ ਤੋਂ ਪਹਿਲਾਂ ਲੱਡੂ ਗੋਪਾਲ ਨੂੰ ਗੰਗਾਜਲ ਨਾਲ ਇਸ਼ਨਾਨ ਕਰਵਾਓ। ਇਸ ਤੋਂ ਬਾਅਦ ਪੰਚਾਮ੍ਰਿਤ ਨਾਲ ਅਭਿਸ਼ੇਕ ਕਰੋ ਅਤੇ ਫਿਰ ਸਾਫ਼ ਜਲ ਨਾਲ ਇਸ਼ਨਾਨ ਕਰਵਾਓ।
ਅਭਿਸ਼ੇਕ ਤੋਂ ਬਾਅਦ ਲੱਡੂ ਗੋਪਾਲ ਨੂੰ ਨਵੇਂ ਵਸਤਰ ਪਹਿਨਾਓ ਅਤੇ ਮੁਕਟ, ਬਾਂਸਰੀ, ਮੋਰ ਪੰਖ ਤੇ ਚੰਦਨ ਨਾਲ ਸੁੰਦਰ ਸ਼ਿੰਗਾਰ ਕਰੋ। ਇਸ ਤੋਂ ਬਾਅਦ ਉਨ੍ਹਾਂ ਨੂੰ ਝੂਲੇ ਵਿੱਚ ਬਿਠਾ ਕੇ ਸ਼ਰਧਾ ਨਾਲ ਝੂਲਾ ਝੁਲਾਓ।
ਫਿਰ ਭਗਵਾਨ ਨੂੰ ਮੱਖਣ-ਮਿਸ਼ਰੀ, ਧਨੀਆ ਪੰਜੀਰੀ, ਪੰਚਾਮ੍ਰਿਤ ਅਤੇ ਫਲਾਂ ਦਾ ਭੋਗ ਲਗਾਓ। ਅੰਤ ਵਿੱਚ ਧੂਪ-ਦੀਪ ਜਗਾ ਕੇ ਆਰਤੀ ਕਰੋ, ਅਣਜਾਣੇ ਵਿੱਚ ਹੋਈਆਂ ਗਲਤੀਆਂ ਲਈ ਮਾਫ਼ੀ ਮੰਗੋ ਅਤੇ ਸਾਰਿਆਂ ਵਿੱਚ ਪ੍ਰਸਾਦ ਵੰਡ ਕੇ ਆਪਣਾ ਵਰਤ ਖੋਲ੍ਹੋ।
ਇਨ੍ਹਾਂ ਮੰਤਰਾਂ ਦਾ ਕਰੋ ਜਾਪ
ਜਨਮ ਅਸ਼ਟਮੀ ਦੇ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪੂਜਾ ਦੌਰਾਨ ਇਨ੍ਹਾਂ ਮੰਤਰਾਂ ਦਾ ਜਾਪ ਕੀਤਾ ਜਾ ਸਕਦਾ ਹੈ—
- ਓਮ ਕ੍ਰਿਸ਼ਨਾਯ ਨਮ:
- ਓਮ ਦੇਵਕੀਸੁਤ ਗੋਵਿੰਦ ਵਾਸੁਦੇਵ ਜਗਤਪਤੇ। ਦੇਹਿ ਮੇ ਤਨਯੰ ਕ੍ਰਿਸ਼ਨ ਤਵਾਮਹੰ ਸ਼ਰਣੰ ਗਤ:॥
- ਓਮ ਕਲੀਮ ਕ੍ਰਿਸ਼ਨਾਯ ਨਮ:
- ਗੋਕੁਲ ਨਾਥਾਯ ਨਮ:
- ਓਮ ਨਮੋ ਭਗਵਤੇ ਸ਼੍ਰੀਗੋਵਿੰਦਾਯ ਨਮ:
ਕ੍ਰਿਸ਼ਨ ਜਨਮ ਅਸ਼ਟਮੀ ਦੇ ਖਾਸ ਉਪਾਅ
1. ਜਨਮ ਅਸ਼ਟਮੀ ਦੀ ਰਾਤ 12 ਵਜੇ ਲੱਡੂ ਗੋਪਾਲ ਦੇ ਜਨਮ ਉਤਸਵ ਤੋਂ ਬਾਅਦ ਕੇਸਰ ਮਿਲੇ ਦੁੱਧ ਨਾਲ ਉਨ੍ਹਾਂ ਦਾ ਅਭਿਸ਼ੇਕ ਕਰੋ। ਧਾਰਮਿਕ ਮਾਨਤਾਵਾਂ ਅਨੁਸਾਰ ਅਜਿਹਾ ਕਰਨ ਨਾਲ ਘਰ ਵਿੱਚ ਸੁਖ-ਸਮ੍ਰਿੱਧੀ ਅਤੇ ਖੁਸ਼ਹਾਲੀ ਦਾ ਵਾਸ ਹੁੰਦਾ ਹੈ।
2. ਜਨਮ ਅਸ਼ਟਮੀ ਦੀ ਰਾਤ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਪਾਨ ਦਾ ਪੱਤਾ ਅਰਪਿਤ ਕਰਨਾ ਵੀ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਅਗਲੇ ਦਿਨ ਉਸ ਪੱਤੇ ’ਤੇ ਰੋਲੀ ਨਾਲ ਸ਼੍ਰੀ ਯੰਤਰ ਬਣਾ ਕੇ ਉਸ ਨੂੰ ਤਿਜੋਰੀ ਜਾਂ ਧਨ ਰੱਖਣ ਵਾਲੀ ਥਾਂ ’ਤੇ ਰੱਖਣ ਨਾਲ ਆਰਥਿਕ ਤੰਗੀ ਤੋਂ ਰਾਹਤ ਮਿਲ ਸਕਦੀ ਹੈ।