ਪੰਜਾਬ : ਪੰਜਾਬ ਭਰ ਵਿੱਚ ਜਿੱਥੇ ਪ੍ਰਵਾਸੀਆਂ ਦਾ ਮੁੱਦਾ ਗਰਮਾ ਰਿਹਾ ਹੈ, ਉੱਥੇ ਹੀ ਖਾਲਿਸਤਾਨੀ ਅੱਤਵਾਦੀ ਸੰਗਠਨ ਸਿਖ ਫਾਰ ਜਸਟਿਸ (ਐਸ.ਐਫ.ਜੇ.) ਨੇ ਵੀ ਧਮਕੀ ਦਿੱਤੀ ਹੈ। ਸੰਗਠਨ ਦੇ ਨੇਤਾ ਗੁਰਪਤਵੰਤ ਪੰਨੂ ਨੇ ਪ੍ਰਵਾਸੀਆਂ ਨੂੰ 19 ਅਕਤੂਬਰ ਤੱਕ ਪੰਜਾਬ ਛੱਡਣ ਦੀ ਗੱਲ ਕਹੀ ਹੈ। ਉਨ੍ਹਾਂ ਇੱਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਜੇਕਰ ਪ੍ਰਵਾਸੀ ਪੰਜਾਬ ਨਹੀਂ ਛੱਡਦੇ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।
ਮੁੱਖ ਮੰਤਰੀ ਮਾਨ ਅਤੇ ਡੀ.ਪੀ ਨੂੰ ਦਿੱਤੀ ਧਮਕੀ
ਪੰਨੂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਦੇ ਡੀ.ਜੀ.ਪੀ. ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਡੀ.ਜੀ.ਪੀ. ਯਾਦਵ ਹਿੰਦੂ ਅੱਤਵਾਦ ਫੈਲਾਉਣ ਵਾਲਿਆਂ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਸੀ.ਐਮ ਮਾਨ ਨੂੰ ਚੇਤਾਵਨੀ ਦਿੱਤੀ ਕਿ ਉਨ੍ਹਾਂ ਦੀ ਪਾਰਟੀ ਨੂੰ ਉਸੇ ਤਰ੍ਹਾਂ ਤਬਾਹ ਕਰ ਦਿੱਤਾ ਜਾਵੇਗਾ ਜਿਵੇਂ ਪੰਜਾਬ ਵਿੱਚ ਕਾਂਗਰਸ ਅਤੇ ਭਾਜਪਾ ਨੂੰ ਕੀਤਾ ਹੈ ।
ਇਸ ਵੀਡੀਓ ਵਿੱਚ ਪੰਨੂ ਨੇ ਇਹ ਵੀ ਦਾਅਵਾ ਕੀਤਾ ਕਿ ਬਟਾਲਾ ਰੇਲਵੇ ਸਟੇਸ਼ਨ ‘ਤੇ ਖਾਲਿਸਤਾਨੀ ਨਾਅਰੇ ਲਗਾਏ ਗਏ ਸਨ। ਸਟੇਸ਼ਨ ‘ਤੇ ਬੋਰਡਾਂ ਅਤੇ ਬਿਜਲੀ ਦੇ ਡੱਬਿਆਂ ‘ਤੇ ਨਾਅਰੇ ਲਿਖੇ ਗਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਸਿਰਫ਼ ਉਹੀ ਲੋਕ ਪੰਜਾਬ ਵਿੱਚ ਰਹਿਣਗੇ ਜੋ ਦੀਵਾਲੀ ਨਹੀਂ ਮਨਾਉਂਦੇ ਅਤੇ ਸਿਰਫ਼ ਬੰਦੀ ਛੋੜ ਦਿਵਸ ‘ਤੇ ਦੀਪਮਾਲਾ ਕਰਦੇ ਹਨ। ਇਸ ਸਾਲ, ਇਹ ਦਾਅਵਾ ਕੀਤਾ ਗਿਆ ਹੈ ਕਿ ਦੀਵਾਲੀ ‘ਤੇ ਅਯੁੱਧਿਆ ਤੋਂ ਹਰਿਦੁਆਰ ਤੱਕ ਬਲੈਕਆਊਟ ਹੋਵੇਗਾ।