ਸਿਡਨੀ: ਹਾਲੀਵੁੱਡ ਦੇ ਦਿੱਗਜ ਅਦਾਕਾਰ ਅਤੇ ‘ਜੁਰਾਸਿਕ ਪਾਰਕ’ ਫਿਲਮ ਸੀਰੀਜ਼ ਵਿੱਚ ਡਾ. ਐਲਨ ਗ੍ਰਾਂਟ ਦਾ ਯਾਦਗਾਰ ਕਿਰਦਾਰ ਨਿਭਾਉਣ ਵਾਲੇ ਸੈਮ ਨੀਲ ਦਾ 78 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਰਿਵਾਰ ਨੇ ਸੋਸ਼ਲ ਮੀਡੀਆ ਰਾਹੀਂ ਜਾਰੀ ਕੀਤੇ ਬਿਆਨ ਵਿੱਚ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ ਹੈ। ਪਰਿਵਾਰ ਅਨੁਸਾਰ ਸੈਮ ਨੀਲ ਦਾ ਦਿਹਾਂਤ ਅਚਾਨਕ ਹੋਇਆ ਅਤੇ ਉਸ ਵੇਲੇ ਉਹ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਸਨ।
ਪਰਿਵਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੈਮ ਨੀਲ ਖੂਨ ਦੇ ਕੈਂਸਰ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਸਨ ਅਤੇ ਉਨ੍ਹਾਂ ਦੀ ਮੌਤ ਦਾ ਕਾਰਨ ਅਜੇ ਤੱਕ ਜਨਤਕ ਨਹੀਂ ਕੀਤਾ ਗਿਆ। ਪਰਿਵਾਰ ਨੇ ਇਸ ਮੁਸ਼ਕਲ ਸਮੇਂ ਦੌਰਾਨ ਨਿੱਜਤਾ ਦੀ ਅਪੀਲ ਕਰਦਿਆਂ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ਼ ਦਾ ਵੀ ਧੰਨਵਾਦ ਕੀਤਾ ਹੈ।
ਸਾਲ 2023 ਵਿੱਚ ਸੈਮ ਨੀਲ ਨੇ ਖੁਦ ਖੁਲਾਸਾ ਕੀਤਾ ਸੀ ਕਿ ਉਹ ਇੱਕ ਦੁਰਲੱਭ ਕਿਸਮ ਦੇ ਖੂਨ ਦੇ ਕੈਂਸਰ ਐਂਜੀਓਇਮਿਊਨੋਬਲਾਸਟਿਕ ਟੀ-ਸੈੱਲ ਲਿੰਫੋਮਾ ਨਾਲ ਜੂਝ ਰਹੇ ਸਨ। ਲੰਬੇ ਇਲਾਜ ਤੋਂ ਬਾਅਦ ਉਹ ਸਿਹਤਮੰਦ ਹੋ ਗਏ ਸਨ ਅਤੇ ਇਸ ਸਾਲ ਉਨ੍ਹਾਂ ਨੇ ਆਪਣੇ ਕੈਂਸਰ-ਮੁਕਤ ਹੋਣ ਦੀ ਜਾਣਕਾਰੀ ਵੀ ਸਾਂਝੀ ਕੀਤੀ ਸੀ। ਇਸ ਕਾਰਨ ਉਨ੍ਹਾਂ ਦੇ ਅਚਾਨਕ ਦਿਹਾਂਤ ਦੀ ਖ਼ਬਰ ਨੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਸੈਮ ਨੀਲ ਨੂੰ ਵਿਸ਼ਵ ਪੱਧਰ ‘ਤੇ ਸਭ ਤੋਂ ਵੱਧ ਪਹਿਚਾਣ 1993 ਵਿੱਚ ਰਿਲੀਜ਼ ਹੋਈ ਸੁਪਰਹਿੱਟ ਫਿਲਮ ‘ਜੁਰਾਸਿਕ ਪਾਰਕ’ ਤੋਂ ਮਿਲੀ, ਜਿਸ ਵਿੱਚ ਉਨ੍ਹਾਂ ਨੇ ਪੈਲਿਓਨਟੋਲੋਜਿਸਟ ਡਾ. ਐਲਨ ਗ੍ਰਾਂਟ ਦੀ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਉਹ ‘ਦ ਪਿਆਨੋ’, ‘ਦ ਹੰਟ ਫ਼ੋਰ ਰੈੱਡ ਅਕਤੂਬਰ’, ‘ਪੀਕੀ ਬਲਾਈਂਡਰਜ਼’ ਅਤੇ ਕਈ ਹੋਰ ਪ੍ਰਸਿੱਧ ਫਿਲਮਾਂ ਅਤੇ ਟੀਵੀ ਸੀਰੀਜ਼ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਵੱਸ ਗਏ।
ਪੰਜ ਦਹਾਕਿਆਂ ਤੋਂ ਵੱਧ ਲੰਬੇ ਕਰੀਅਰ ਦੌਰਾਨ ਸੈਮ ਨੀਲ ਨੇ 50 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਅਤੇ ਆਪਣੀ ਸਾਦਗੀ, ਬਹੁਪੱਖੀ ਅਦਾਕਾਰੀ ਅਤੇ ਵਿਲੱਖਣ ਸ਼ਖਸੀਅਤ ਲਈ ਖਾਸ ਪਹਿਚਾਣ ਬਣਾਈ। ਉਨ੍ਹਾਂ ਦੇ ਦਿਹਾਂਤ ਨਾਲ ਹਾਲੀਵੁੱਡ ਅਤੇ ਵਿਸ਼ਵ ਸਿਨੇਮਾ ਨੇ ਇੱਕ ਅਜਿਹੇ ਕਲਾਕਾਰ ਨੂੰ ਗੁਆ ਦਿੱਤਾ ਹੈ ਜਿਸ ਦੀਆਂ ਯਾਦਗਾਰ ਭੂਮਿਕਾਵਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕਰਦੀਆਂ ਰਹਿਣਗੀਆਂ। ਦੁਨੀਆ ਭਰ ਦੇ ਫਿਲਮ ਪ੍ਰੇਮੀਆਂ, ਕਲਾਕਾਰਾਂ ਅਤੇ ਸਹਿਯੋਗੀਆਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।
