ਲੁਧਿਆਣਾ: ਲੁਧਿਆਣਾ ਬਾਸਕਟਬਾਲ ਅਕੈਡਮੀ (ਐੱਲ.ਬੀ.ਏ.) ਦੇ ਹੋਣਹਾਰ ਖਿਡਾਰੀ ਜੋਯਪ੍ਰੀਤ ਸਿੰਘ ਸਿੱਧੂ ਨੂੰ ਫੀਬਾ ਅੰਡਰ-18 ਏਸ਼ੀਆ ਕੱਪ 2026 ਲਈ ਭਾਰਤੀ ਰਾਸ਼ਟਰੀ ਬਾਸਕਟਬਾਲ ਟੀਮ ਵਿੱਚ ਚੁਣਿਆ ਗਿਆ ਹੈ। ਇਹ ਵੱਕਾਰੀ ਟੂਰਨਾਮੈਂਟ 13 ਤੋਂ 23 ਅਗਸਤ 2026 ਤੱਕ ਵੀਰ ਸਾਵਰਕਰ ਸਪੋਰਟਸ ਕੰਪਲੈਕਸ, ਅਹਿਮਦਾਬਾਦ, ਨਾਰਾਣਪੁਰ, ਗੁਜਰਾਤ ਵਿਖੇ ਹੋਵੇਗਾ।
ਜੋਯਪ੍ਰੀਤ ਦੀ ਚੋਣ ‘ਤੇ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਬਕਾ ਡੀ.ਜੀ.ਪੀ. ਆਰ ਐੱਸ ਗਿੱਲ ਅਤੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਇਸ ਨੂੰ ਪੰਜਾਬ ਅਤੇ ਲੁਧਿਆਣਾ ਲਈ ਮਾਣ ਵਾਲੀ ਗੱਲ ਦੱਸਿਆ। ਉਨ੍ਹਾਂ ਕਿਹਾ ਕਿ ਇਹ ਜੋਯਪ੍ਰੀਤ ਦੀ ਸਖ਼ਤ ਮਿਹਨਤ, ਲਗਨ ਅਤੇ ਮੁੱਖ ਕੋਚ ਜੈਪਾਲ ਸਿੰਘ ਅਤੇ ਜਸਪ੍ਰੀਤ ਸਿੰਘ ਦੇ ਸ਼ਾਨਦਾਰ ਮਾਰਗਦਰਸ਼ਨ ਦਾ ਨਤੀਜਾ ਹੈ ਕਿ ਉਨ੍ਹਾਂ ਨੇ ਭਾਰਤੀ ਟੀਮ ਵਿੱਚ ਥਾਂ ਬਣਾਈ ਹੈ। ਉਨ੍ਹਾਂ ਕਿਹਾ ਕਿ ਬਾਸਕਟਬਾਲ ਫੈਡਰੇਸ਼ਨ ਆਫ ਇੰਡੀਆ (ਬੀ.ਐਫ.ਆਈ.) ਦੀ ਚੋਣ ਪ੍ਰਕਿਰਿਆ ਬਹੁਤ ਮੁਸ਼ਕਲ ਹੈ ਅਤੇ ਇਸ ਵਿੱਚ ਚੁਣੇ ਜਾਣਾ ਵੱਡੀ ਪ੍ਰਾਪਤੀ ਹੈ।
ਜੋਯਪ੍ਰੀਤ ਇਸ ਤੋਂ ਪਹਿਲਾਂ ਸ਼੍ਰੀਲੰਕਾ ਵਿੱਚ ਹੋਏ ਏਸ਼ੀਆ ਕੱਪ ਸਾਊਥ ਏਸ਼ੀਅਨ ਬਾਸਕਟਬਾਲ ਐਸੋਸੀਏਸ਼ਨ (SABA) ਕੁਆਲੀਫਾਇਰ ਵਿੱਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ 75ਵੀਂ ਜੂਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਟੀਮ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਜੋਯਪ੍ਰੀਤ ਦੀ ਚੋਣ ‘ਤੇ ਜ਼ਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਦੇ ਅਧਿਕਾਰੀ ਜੇ.ਪੀ. ਸਿੰਘ, ਬ੍ਰਿਜ ਗੋਇਲ, ਲੋਮੇਸ਼ ਚੱਢਾ, ਵਿਜੇ ਚੋਪੜਾ, ਕੋਚ ਰਵਿੰਦਰ ਅਤੇ ਸਲੋਨੀ ਸਮੇਤ ਕਈ ਖੇਡ ਪ੍ਰੇਮੀਆਂ ਨੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਸਾਬਕਾ ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰੀ ਪਰਮਿੰਦਰ ਸਿੰਘ ਹੀਰ ਨੇ ਭਰੋਸਾ ਪ੍ਰਗਟਾਇਆ ਕਿ ਜੋਯਪ੍ਰੀਤ ਏਸ਼ੀਆ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨਗੇ।
