Home ਪੰਜਾਬ ਝੋਟਾ ਕਤਲ ਮਾਮਲਾ: 28 ਅਕਤੂਬਰ ਨੂੰ ਇਨਸਾਫ਼ ਲਈ ਹੋਵੇਗੀ ਅਰਦਾਸ

ਝੋਟਾ ਕਤਲ ਮਾਮਲਾ: 28 ਅਕਤੂਬਰ ਨੂੰ ਇਨਸਾਫ਼ ਲਈ ਹੋਵੇਗੀ ਅਰਦਾਸ

0

ਮਾਨਸਾ: ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੌਰਾਨ ਐਕਸ਼ਨ ਕਮੇਟੀ ਨੇ 28 ਅਕਤੂਬਰ ਨੂੰ ਪੰਜਾਬ ਦੇ ਗੁਰੂ ਘਰਾਂ ਵਿੱਚ ਅਰਦਾਸ ਕਰਨ ਦੇ ਐਲਾਨ ਦਾ ਸਮਰਥਨ ਕੀਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦਿਨ ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਦੀ ਅਰਦਾਸ ਕਰਨ।

ਇਸ ਅਪੀਲ ਦਾ ਉਦੇਸ਼ ਝੋਟਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ ਅਤੇ ਇਨਸਾਫ਼ ਦੀ ਮੰਗ ਨੂੰ ਧਾਰਮਿਕ ਤੇ ਸਮਾਜਿਕ ਪੱਧਰ ’ਤੇ ਸਮਰਥਨ ਦੇਣਾ ਹੈ। ਪਰਿਵਾਰ ਇਸ ਸਮੇਂ ਪੁੱਤ ਦੇ ਵਿਛੋੜੇ ਦਾ ਦਰਦ ਸਹਿ ਰਿਹਾ ਹੈ ਅਤੇ ਸੰਘਰਸ਼ ਨਾਲ ਜੁੜੇ ਲੋਕਾਂ ਨੂੰ ਉਮੀਦ ਹੈ ਕਿ ਸੰਗਤ ਦੀ ਹਮਦਰਦੀ ਪਰਿਵਾਰ ਨੂੰ ਹੌਸਲਾ ਦੇਵੇਗੀ।

ਇਸੇ ਦੌਰਾਨ ਐਕਸ਼ਨ ਕਮੇਟੀ ਨੇ ਸ਼ਹਿਰ ਵਾਸੀਆਂ ਦੀਆਂ ਰੋਜ਼ਾਨਾ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵੱਖਰੀ ਕਮੇਟੀ ਬਣਾਈ ਹੈ। ਇਹ ਕਮੇਟੀ ਆਵਾਜਾਈ ਲਈ ਲੋੜੀਂਦਾ ਰਸਤਾ ਦੇਣ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕਰੇਗੀ, ਤਾਂ ਜੋ ਲੋਕਾਂ ਨੂੰ ਆਪਣੇ ਕੰਮਕਾਜ ਅਤੇ ਹੋਰ ਜ਼ਰੂਰੀ ਗਤੀਵਿਧੀਆਂ ਲਈ ਆਉਣ-ਜਾਣ ਵਿੱਚ ਰਾਹਤ ਮਿਲ ਸਕੇ। ਕਮੇਟੀ ਆਗੂਆਂ ਮੁਤਾਬਕ, ਇਹ ਕਦਮ ਸ਼ਹਿਰ ਵਾਸੀਆਂ ਦੀ ਰੋਜ਼ੀ-ਰੋਟੀ ਨਾਲ ਜੁੜੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖ ਕੇ ਚੁੱਕਿਆ ਗਿਆ ਹੈ।

ਐਕਸ਼ਨ ਕਮੇਟੀ ਵੱਲੋਂ ਪੰਜਾਬ ਦੀਆਂ ਕਿਸਾਨ, ਮਜ਼ਦੂਰ, ਵਪਾਰੀ, ਮੁਲਾਜ਼ਮ ਅਤੇ ਧਾਰਮਿਕ ਜਥੇਬੰਦੀਆਂ ਨੂੰ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਭੇਜੇ ਜਾਣਗੇ। ਵੱਖ-ਵੱਖ ਜਥੇਬੰਦੀਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਅਗਲੇ ਸੰਘਰਸ਼ ਦੀ ਰੂਪ-ਰੇਖਾ ਤੈਅ ਕੀਤੀ ਜਾਵੇਗੀ।

ਇਸ ਮੌਕੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ, ਪਤਨੀ ਮਨਪ੍ਰੀਤ ਕੌਰ ਅਤੇ ਐਕਸ਼ਨ ਕਮੇਟੀ ਦੇ ਕਈ ਆਗੂ ਤੇ ਸਮਰਥਕ ਹਾਜ਼ਰ ਸਨ।

NO COMMENTS

LEAVE A REPLY

Please enter your comment!
Please enter your name here

Exit mobile version