ਅੰਮ੍ਰਿਤਸਰ: ਸਿੱਖ ਭਾਈਚਾਰੇ ਵਿੱਚ ਨੌਜਵਾਨਾਂ ਦੇ ਵਿਆਹ ਅਤੇ ਪਰਿਵਾਰਕ ਜੀਵਨ ਨੂੰ ਲੈ ਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮਹੱਤਵਪੂਰਨ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ 30 ਸਾਲ ਤੋਂ ਵੱਧ ਉਮਰ ਦੇ ਨੌਜਵਾਨ ਮੁੰਡੇ-ਕੁੜੀਆਂ ਦੇ ਵਿਆਹ ਲਈ ਪਹਿਲ ਕੀਤੀ ਜਾਵੇ ਅਤੇ ਉਨ੍ਹਾਂ ਲਈ ਚੰਗੇ ਰਿਸ਼ਤੇ ਲੱਭਣ ਵਿੱਚ ਪਰਿਵਾਰ ਸਰਗਰਮ ਭੂਮਿਕਾ ਨਿਭਾਉਣ।
ਜਥੇਦਾਰ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਕਈ ਨੌਜਵਾਨ ਵਿਆਹ ਦੀ ਉਮਰ ਪਾਰ ਕਰਨ ਦੇ ਬਾਵਜੂਦ ਆਪਣੇ ਪਰਿਵਾਰਕ ਜੀਵਨ ਦੀ ਸ਼ੁਰੂਆਤ ਨਹੀਂ ਕਰ ਪਾ ਰਹੇ। ਇਸ ਲਈ ਪਰਿਵਾਰਾਂ ਨੂੰ ਇਸ ਮਾਮਲੇ ਵਿੱਚ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਉਨ੍ਹਾਂ ਮੁਤਾਬਕ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਨੌਜਵਾਨ ਮੁੰਡਿਆਂ ਅਤੇ ਕੁੜੀਆਂ ਲਈ ਯੋਗ ਜੀਵਨ ਸਾਥੀ ਦੀ ਚੋਣ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ।
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਪਰਿਵਾਰਾਂ ਨੂੰ ਵਿਆਹ ਨੂੰ ਸਿਰਫ਼ ਸਮਾਜਿਕ ਰਸਮ ਨਾ ਸਮਝਣ ਦੀ ਬਜਾਏ ਪਰਿਵਾਰਕ ਅਤੇ ਧਾਰਮਿਕ ਜ਼ਿੰਮੇਵਾਰੀ ਨਾਲ ਜੋੜਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਵਿਆਹ ਤੋਂ ਬਾਅਦ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਗੁਰੂ ਨਾਲ ਜੋੜਨ ਅਤੇ ਸਿੱਖੀ ਦੀਆਂ ਕਦਰਾਂ-ਕੀਮਤਾਂ ਨਾਲ ਪਾਲਣ-ਪੋਸ਼ਣ ਕਰਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
ਉਨ੍ਹਾਂ ਆਪਣੇ ਸੰਦੇਸ਼ ਵਿੱਚ ਪਰਿਵਾਰਾਂ ਨੂੰ ਵੱਧ ਬੱਚਿਆਂ ਵਾਲੇ ਪਰਿਵਾਰਕ ਢਾਂਚੇ ਨੂੰ ਉਤਸ਼ਾਹਿਤ ਕਰਨ ਦੀ ਗੱਲ ਵੀ ਕੀਤੀ। ਉਨ੍ਹਾਂ ਮੁਤਾਬਕ ਹਰ ਜੋੜੇ ਦੇ ਘੱਟੋ-ਘੱਟ ਤਿੰਨ ਬੱਚੇ ਹੋਣ ਅਤੇ ਬੱਚਿਆਂ ਨੂੰ ਗੁਰਬਾਣੀ, ਗੁਰੂ ਅਤੇ ਸਿੱਖੀ ਨਾਲ ਜੋੜਿਆ ਜਾਵੇ। ਉਨ੍ਹਾਂ ਦਾ ਇਹ ਸੰਦੇਸ਼ ਸਿੱਖ ਭਾਈਚਾਰੇ ਦੀ ਆਬਾਦੀ, ਪਰਿਵਾਰਕ ਇਕਾਈ ਅਤੇ ਧਾਰਮਿਕ ਵਿਰਾਸਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਇਸ ਸੰਦੇਸ਼ ਰਾਹੀਂ ਜਥੇਦਾਰ ਨੇ ਸਿੱਖ ਪਰਿਵਾਰਾਂ ਨੂੰ ਵਿਆਹ ਅਤੇ ਪਰਿਵਾਰਕ ਜੀਵਨ ਨੂੰ ਲੈ ਕੇ ਸਰਗਰਮ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਜ਼ੋਰ ਇਸ ਗੱਲ ’ਤੇ ਰਿਹਾ ਕਿ ਨੌਜਵਾਨਾਂ ਨੂੰ ਪਰਿਵਾਰ ਨਾਲ ਜੋੜਨ ਦੇ ਨਾਲ-ਨਾਲ ਗੁਰੂ ਅਤੇ ਸਿੱਖੀ ਨਾਲ ਵੀ ਮਜ਼ਬੂਤੀ ਨਾਲ ਜੋੜਿਆ ਜਾਵੇ।
