ਮਥੁਰਾ: ਦੇਸ਼ ਭਰ ਵਿੱਚ ਅੱਜ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਦਿਹਾੜਾ ਜਨਮ ਅਸ਼ਟਮੀ ਵਜੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਮਥੁਰਾ-ਵ੍ਰਿੰਦਾਵਨ ਤੋਂ ਲੈ ਕੇ ਦਵਾਰਕਾ, ਜਗਨਨਾਥ ਪੁਰੀ, ਨਵੀਂ ਦਿੱਲੀ ਅਤੇ ਹੋਰ ਵੱਡੇ ਸ਼ਹਿਰਾਂ ਤੱਕ ਮੰਦਰਾਂ ਵਿੱਚ ਵਿਸ਼ੇਸ਼ ਪੂਜਾ, ਆਰਤੀ ਅਤੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਇਸ ਮੌਕੇ ’ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੰਦਰਾਂ ਵਿੱਚ ਪਹੁੰਚ ਰਹੇ ਹਨ।
ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਸ਼੍ਰੀ ਕ੍ਰਿਸ਼ਨ ਜਨਮਭੂਮੀ ਮੰਦਰ ਵਿਖੇ ਵਿਸ਼ੇਸ਼ ਧਾਰਮਿਕ ਰਸਮਾਂ ਹੋਈਆਂ। ਇਸੇ ਤਰ੍ਹਾਂ ਗੁਜਰਾਤ ਦੇ ਦਵਾਰਕਾ ਸਥਿਤ ਦਵਾਰਕਾਧੀਸ਼ ਮੰਦਰ, ਦਿੱਲੀ ਦੇ ਇਸਕਨ ਮੰਦਰ ਅਤੇ ਜੈਪੁਰ ਦੇ ਗੋਵਿੰਦ ਦੇਵ ਜੀ ਮੰਦਰ ਵਿੱਚ ਵੀ ਮੰਗਲਾ ਆਰਤੀ ਕੀਤੀ ਗਈ। ਮੰਦਰਾਂ ਨੂੰ ਰੰਗ-ਬਿਰੰਗੀਆਂ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਹੈ।
ਵਾਰਾਣਸੀ ਦੇ ਇਸਕਨ ਮੰਦਰ ਵਿੱਚ ਜਨਮ ਅਸ਼ਟਮੀ ਮੌਕੇ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਇੱਥੇ ਸ਼ਰਧਾਲੂਆਂ ਦੀ ਲੰਬੀ ਕਤਾਰ ਲੱਗੀ ਹੋਈ ਹੈ ਅਤੇ ਲੋਕ ਵਾਰੀ ਦੀ ਉਡੀਕ ਕਰਦੇ ਹੋਏ ਭਗਵਾਨ ਕ੍ਰਿਸ਼ਨ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ।
ਗੁਜਰਾਤ ਦੇ ਅਹਿਮਦਾਬਾਦ ਸਥਿਤ ਇਸਕਨ ਮੰਦਰ ਵਿੱਚ ਇਸ ਵਾਰ ਜਨਮ ਅਸ਼ਟਮੀ ਲਈ ਤਕਨੀਕ ਨਾਲ ਜੁੜੀਆਂ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ 300 ਡਰੋਨਾਂ ਦੀ ਮਦਦ ਨਾਲ ਭਗਵਾਨ ਕ੍ਰਿਸ਼ਨ ਦੀਆਂ ਵੱਖ-ਵੱਖ ਲੀਲਾਵਾਂ ਨੂੰ ਆਸਮਾਨ ਵਿੱਚ ਪੇਸ਼ ਕਰਨ ਦੀ ਯੋਜਨਾ ਹੈ। ਇਸ ਤੋਂ ਇਲਾਵਾ ਮੰਦਰ ਵਿੱਚ ਹਰ ਅੱਧੇ ਘੰਟੇ ਬਾਅਦ ਪੰਜ ਮਿੰਟ ਦਾ 7D ਸ਼ੋਅ ਵੀ ਦਿਖਾਇਆ ਜਾਵੇਗਾ। ਇਸ ਸ਼ੋਅ ਵਿੱਚ ਰੌਸ਼ਨੀ ਅਤੇ ਆਵਾਜ਼ ਦੇ ਪ੍ਰਭਾਵਾਂ ਦੇ ਨਾਲ ਮੀਂਹ ਵਰਗਾ ਅਨੁਭਵ ਵੀ ਦੇਣ ਦੀ ਤਿਆਰੀ ਹੈ।
ਬਿਹਾਰ ਦੀ ਰਾਜਧਾਨੀ ਪਟਨਾ ਦੇ ਇਸਕਨ ਮੰਦਰ ਵਿੱਚ ਵੀ ਜਨਮ ਅਸ਼ਟਮੀ ਨੂੰ ਲੈ ਕੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇੱਥੇ ਭਗਵਾਨ ਕ੍ਰਿਸ਼ਨ ਦਾ 108 ਚਾਂਦੀ ਦੇ ਭਾਂਡਿਆਂ ਨਾਲ ਅਭਿਸ਼ੇਕ ਕਰਨ ਦੀ ਤਿਆਰੀ ਹੈ। ਮੰਦਰ ਦੀ ਸਜਾਵਟ ਲਈ ਬੈਂਗਲੁਰੂ, ਪੁਣੇ ਅਤੇ ਕੋਲਕਾਤਾ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ਤੋਂ ਲਗਭਗ 8 ਟਨ ਵੱਖ-ਵੱਖ ਕਿਸਮਾਂ ਦੇ ਫੁੱਲ ਮੰਗਵਾਏ ਗਏ ਹਨ।
ਭੀੜ ਨੂੰ ਦੇਖਦਿਆਂ ਸੁਰੱਖਿਆ ਪ੍ਰਬੰਧਾਂ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਪਟਨਾ ਇਸਕਨ ਮੰਦਰ ਪਰਿਸਰ ਦੀ ਨਿਗਰਾਨੀ 150 ਤੋਂ ਵੱਧ ਕੈਮਰਿਆਂ ਰਾਹੀਂ ਕੀਤੀ ਜਾ ਰਹੀ ਹੈ।
