Home ਪੰਜਾਬ ਪੰਜਾਬ ‘ਚ 1.89 ਲੱਖ ਕਰੋੜ ਦਾ ਨਿਵੇਸ਼, 6.31 ਲੱਖ ਰੁਜ਼ਗਾਰ ਦੇ ਮੌਕੇ...

ਪੰਜਾਬ ‘ਚ 1.89 ਲੱਖ ਕਰੋੜ ਦਾ ਨਿਵੇਸ਼, 6.31 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦਾ ਦਾਅਵਾ

0

ਚੰਡੀਗੜ੍ਹ: ਪੰਜਾਬ ਸਰਕਾਰ ਮੁਤਾਬਕ ਸੂਬੇ ਵਿੱਚ ਪਿਛਲੇ ਚਾਰ ਸਾਲਾਂ ਦੌਰਾਨ 1.89 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਆਏ ਹਨ। ਸਰਕਾਰ ਦਾ ਦਾਅਵਾ ਹੈ ਕਿ ਇਨ੍ਹਾਂ ਨਿਵੇਸ਼ਾਂ ਨਾਲ ਕਰੀਬ 6.31 ਲੱਖ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ। ਸਰਕਾਰ ਅਨੁਸਾਰ ਇਸ ਨਾਲ ਪੰਜਾਬ ਦੇ ਰਵਾਇਤੀ ਉਦਯੋਗਿਕ ਕੇਂਦਰਾਂ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਵਿੱਚ ਵੀ ਉਦਯੋਗਿਕ ਗਤੀਵਿਧੀਆਂ ਨੂੰ ਹੁਲਾਰਾ ਮਿਲ ਰਿਹਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਦਯੋਗ ਵਿਭਾਗ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਕਿਹਾ ਕਿ ਸੂਬੇ ਵਿੱਚ ਵੱਡੇ ਪੱਧਰ ’ਤੇ ਆ ਰਹੇ ਨਿਵੇਸ਼ ਨੂੰ ਨਿਵੇਸ਼ਕਾਂ ਦੇ ਵਧਦੇ ਭਰੋਸੇ ਨਾਲ ਜੋੜਿਆ ਜਾ ਸਕਦਾ ਹੈ। ਉਨ੍ਹਾਂ ਮੁਤਾਬਕ ਸਰਕਾਰ ਵੱਲੋਂ ਬੁਨਿਆਦੀ ਢਾਂਚੇ ਵਿੱਚ ਸੁਧਾਰ, ਮਨਜ਼ੂਰੀਆਂ ਦੀ ਪ੍ਰਕਿਰਿਆ ਸੌਖੀ ਕਰਨ ਅਤੇ ਪ੍ਰਸ਼ਾਸਨ ਨੂੰ ਵਧੇਰੇ ਜਵਾਬਦੇਹ ਬਣਾਉਣ ’ਤੇ ਧਿਆਨ ਦਿੱਤਾ ਗਿਆ ਹੈ।

ਮੋਹਾਲੀ ਨਿਵੇਸ਼ ਪ੍ਰਸਤਾਵਾਂ ਵਿੱਚ ਸਭ ਤੋਂ ਅੱਗੇ

ਵਿੱਤੀ ਸਾਲ 2022-23 ਤੋਂ 2026-27 ਦੌਰਾਨ ਕਾਮਨ ਐਪਲੀਕੇਸ਼ਨ ਫਾਰਮ (CAF) ਰਾਹੀਂ ਮਿਲੇ ਨਵੇਂ ਨਿਵੇਸ਼ ਪ੍ਰਸਤਾਵਾਂ ਦੇ ਅੰਕੜਿਆਂ ਮੁਤਾਬਕ ਐਸ.ਏ.ਐਸ. ਨਗਰ (ਮੋਹਾਲੀ) ਸਭ ਤੋਂ ਅੱਗੇ ਰਿਹਾ ਹੈ। ਮੋਹਾਲੀ ਨੂੰ 9,478 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਮਿਲੇ ਹਨ।

ਇਸ ਤੋਂ ਬਾਅਦ ਲੁਧਿਆਣਾ ਵਿੱਚ 4,968 ਕਰੋੜ ਰੁਪਏ, ਪਟਿਆਲਾ ਵਿੱਚ 2,590 ਕਰੋੜ ਰੁਪਏ ਅਤੇ ਹੁਸ਼ਿਆਰਪੁਰ ਵਿੱਚ 2,003 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਦਰਜ ਕੀਤੇ ਗਏ ਹਨ।

ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਨੂੰ 1,265 ਕਰੋੜ, ਬਠਿੰਡਾ ਨੂੰ 1,248 ਕਰੋੜ, ਕਪੂਰਥਲਾ ਨੂੰ 1,037 ਕਰੋੜ ਅਤੇ ਜਲੰਧਰ ਨੂੰ 1,003 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਮਿਲੇ ਹਨ।

ਉਦਯੋਗਿਕ ਵਿਕਾਸ ਦਾ ਦਾਇਰਾ ਵਧਣ ਦਾ ਦਾਅਵਾ

ਸਰਕਾਰ ਮੁਤਾਬਕ ਪੰਜਾਬ ਵਿੱਚ ਉਦਯੋਗਿਕ ਨਿਵੇਸ਼ ਹੁਣ ਸਿਰਫ਼ ਕੁਝ ਪੁਰਾਣੇ ਉਦਯੋਗਿਕ ਸ਼ਹਿਰਾਂ ਤੱਕ ਸੀਮਤ ਨਹੀਂ ਰਿਹਾ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਵੇਂ ਪ੍ਰਾਜੈਕਟਾਂ ਅਤੇ ਨਿਵੇਸ਼ ਪ੍ਰਸਤਾਵਾਂ ਨਾਲ ਸਥਾਨਕ ਪੱਧਰ ’ਤੇ ਰੁਜ਼ਗਾਰ ਅਤੇ ਕਾਰੋਬਾਰੀ ਮੌਕਿਆਂ ਦਾ ਦਾਇਰਾ ਵਧਣ ਦੀ ਉਮੀਦ ਹੈ।

ਮੁੱਖ ਮੰਤਰੀ ਮੁਤਾਬਕ CAF ਰਾਹੀਂ ਆਏ ਕੁੱਲ ਨਿਵੇਸ਼ ਪ੍ਰਸਤਾਵਾਂ ਵਿੱਚੋਂ 49.8 ਫੀਸਦੀ ਹਿੱਸਾ ਮੋਹਾਲੀ ਅਤੇ ਲੁਧਿਆਣਾ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਦੋਵੇਂ ਸ਼ਹਿਰ ਪੰਜਾਬ ਦੇ ਪ੍ਰਮੁੱਖ ਆਰਥਿਕ ਕੇਂਦਰਾਂ ਵਜੋਂ ਆਪਣੀ ਭੂਮਿਕਾ ਮਜ਼ਬੂਤ ਕਰ ਰਹੇ ਹਨ।

ਮੋਹਾਲੀ ਵਿੱਚ IT ਅਤੇ ਟੈਕਨਾਲੋਜੀ ਖੇਤਰ ’ਤੇ ਜ਼ੋਰ

ਮੁੱਖ ਮੰਤਰੀ ਨੇ ਮੋਹਾਲੀ ਨੂੰ IT, ਟੈਕਨਾਲੋਜੀ ਅਤੇ ਨਵੀਨਤਾ ਦੇ ਖੇਤਰ ਵਿੱਚ ਤੇਜ਼ੀ ਨਾਲ ਵਿਕਸਤ ਹੋ ਰਿਹਾ ਕੇਂਦਰ ਦੱਸਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਟੈਕਨਾਲੋਜੀ ਆਧਾਰਿਤ ਕੰਪਨੀਆਂ, ਸਟਾਰਟਅੱਪ ਅਤੇ ਗਿਆਨ-ਆਧਾਰਿਤ ਉਦਯੋਗਾਂ ਲਈ ਲੋੜੀਂਦਾ ਮਾਹੌਲ ਤਿਆਰ ਕਰਨ ਵੱਲ ਕੰਮ ਕਰ ਰਹੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਾ ਉਦੇਸ਼ ਪੰਜਾਬ ਦੇ ਪੜ੍ਹੇ-ਲਿਖੇ ਅਤੇ ਹੁਨਰਮੰਦ ਨੌਜਵਾਨਾਂ ਲਈ ਸੂਬੇ ਅੰਦਰ ਹੀ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨਾ ਹੈ।

ਕਈ ਖੇਤਰਾਂ ਵਿੱਚ ਨਿਵੇਸ਼ ਦੇ ਪ੍ਰਸਤਾਵ

ਸਰਕਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਆ ਰਹੇ ਨਿਵੇਸ਼ ਪ੍ਰਸਤਾਵਾਂ ਵਿੱਚ ਕਈ ਵੱਖ-ਵੱਖ ਖੇਤਰ ਸ਼ਾਮਲ ਹਨ। ਇਨ੍ਹਾਂ ਵਿੱਚ ਰੀਅਲ ਅਸਟੇਟ, ਹਾਊਸਿੰਗ ਅਤੇ ਬੁਨਿਆਦੀ ਢਾਂਚਾ, ਅਲੌਏ ਸਟੀਲ ਅਤੇ ਮੈਟਲ ਮੈਨੂਫੈਕਚਰਿੰਗ, ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ, ਬਾਇਓ-ਐਨਰਜੀ, ਨਵਿਆਉਣਯੋਗ ਊਰਜਾ, ਆਟੋਮੋਬਾਈਲ ਕੰਪੋਨੈਂਟ ਅਤੇ ਟੈਕਸਟਾਈਲ ਪ੍ਰਮੁੱਖ ਹਨ।

ਸਰਕਾਰ ਨੇ ਇਹ ਵੀ ਦੱਸਿਆ ਕਿ ਟਾਟਾ ਸਟੀਲ, ਜੇਐਸਡਬਲਯੂ ਸਟੀਲ, ਆਈਚੀ ਸਟੀਲਜ਼, ਵਰਧਮਾਨ, ਨੇਸਲੇ, ਹਿੰਦੁਸਤਾਨ ਯੂਨੀਲੀਵਰ, ਕਾਰਗਿਲ, ਡੀ ਹਿਊ, ਐਚਐਮਈਐਲ, ਸੰਥਾਨ ਟੈਕਸਟਾਈਲ ਅਤੇ ਫਰੂਡਨਬਰਗ ਵਰਗੀਆਂ ਕੰਪਨੀਆਂ ਵੱਲੋਂ ਪੰਜਾਬ ਵਿੱਚ ਨਿਵੇਸ਼ ਜਾਂ ਕਾਰੋਬਾਰੀ ਵਿਸਥਾਰ ਕੀਤਾ ਗਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version