ਕਾਕਾਮਿਗਾਹਰ: ਏਸ਼ਿਆਈ ਖੇਡਾਂ 2026 ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਹੈ। ਪੂਲ-ਬੀ ਦੇ ਮੁਕਾਬਲੇ ਵਿੱਚ ਭਾਰਤ ਨੇ ਥਾਈਲੈਂਡ ਨੂੰ 20-1 ਦੇ ਵੱਡੇ ਫਰਕ ਨਾਲ ਮਾਤ ਦਿੱਤੀ।
ਗਿਫੂ ਪ੍ਰੀਫੈਕਚਰਲ ਗਰੀਨ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤੀ ਟੀਮ ਵੱਲੋਂ ਦੀਪਿਕਾ ਸ਼ੇਰਾਵਤ ਸਭ ਤੋਂ ਵੱਡੀ ਸਟਾਰ ਰਹੀ। ਉਨ੍ਹਾਂ ਨੇ ਇਕੱਲਿਆਂ 9 ਗੋਲ ਕੀਤੇ। ਖਾਸ ਗੱਲ ਇਹ ਰਹੀ ਕਿ ਦੀਪਿਕਾ ਦੇ ਸਾਰੇ ਗੋਲ ਪੈਨਲਟੀ ਕਾਰਨਰ ਰਾਹੀਂ ਆਏ।
ਨਵਨੀਤ ਕੌਰ ਨੇ ਕੀਤੇ 4 ਗੋਲ
ਭਾਰਤ ਦੀ ਵੱਡੀ ਜਿੱਤ ਵਿੱਚ ਨਵਨੀਤ ਕੌਰ ਨੇ ਵੀ ਅਹਿਮ ਭੂਮਿਕਾ ਨਿਭਾਈ ਅਤੇ ਚਾਰ ਗੋਲ ਆਪਣੇ ਨਾਮ ਕੀਤੇ। ਰੁਤੁਜਾ ਦਾਦਾਸੋ ਪਿਸਲ ਨੇ ਹੈਟ੍ਰਿਕ ਲਗਾਈ, ਜਦਕਿ ਨੇਹਾ, ਲਾਲਰੇਮਸਿਆਮੀ, ਸਾਕਸ਼ੀ ਰਾਣਾ ਅਤੇ ਕਪਤਾਨ ਸਲੀਮਾ ਟੇਟੇ ਨੇ ਵੀ ਇੱਕ-ਇੱਕ ਗੋਲ ਕੀਤਾ। ਥਾਈਲੈਂਡ ਵੱਲੋਂ ਸੁਪਾਂਸਾ ਸਾਮਾਂਸੋ ਨੇ ਟੀਮ ਲਈ ਇਕਲੌਤਾ ਗੋਲ ਕੀਤਾ।
ਦੀਪਿਕਾ ਨੇ ਆਪਣਾ ਹੀ ਰਿਕਾਰਡ ਤੋੜਿਆ
ਥਾਈਲੈਂਡ ਖ਼ਿਲਾਫ਼ 9 ਗੋਲ ਕਰਨ ਦੇ ਨਾਲ ਦੀਪਿਕਾ ਸ਼ੇਰਾਵਤ ਨੇ ਏਸ਼ਿਆਈ ਖੇਡਾਂ ਵਿੱਚ ਆਪਣਾ ਹੀ ਰਿਕਾਰਡ ਹੋਰ ਬਿਹਤਰ ਕਰ ਲਿਆ ਹੈ। ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਉਜ਼ਬੇਕਿਸਤਾਨ ਖ਼ਿਲਾਫ਼ ਉਨ੍ਹਾਂ ਨੇ 8 ਗੋਲ ਕੀਤੇ ਸਨ ਅਤੇ ਇੱਕ ਏਸ਼ਿਆਈ ਖੇਡਾਂ ਦੇ ਮਹਿਲਾ ਹਾਕੀ ਮੈਚ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੀ ਖਿਡਾਰਨ ਬਣੀ ਸੀ।
ਹੁਣ ਥਾਈਲੈਂਡ ਖ਼ਿਲਾਫ਼ 9 ਗੋਲਾਂ ਤੋਂ ਬਾਅਦ ਟੂਰਨਾਮੈਂਟ ਵਿੱਚ ਦੀਪਿਕਾ ਦੇ ਕੁੱਲ 20 ਗੋਲ ਹੋ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇੰਡੋਨੇਸ਼ੀਆ ਖ਼ਿਲਾਫ਼ ਵੀ 3 ਗੋਲ ਕੀਤੇ ਸਨ।
25 ਸਤੰਬਰ ਨੂੰ ਜਪਾਨ ਨਾਲ ਮੁਕਾਬਲਾ
ਭਾਰਤੀ ਟੀਮ ਦਾ ਅਗਲਾ ਮੁਕਾਬਲਾ 25 ਸਤੰਬਰ ਨੂੰ ਮੇਜ਼ਬਾਨ ਜਪਾਨ ਨਾਲ ਹੋਵੇਗਾ। ਪੂਲ-ਬੀ ਵਿੱਚ ਜਪਾਨ ਨੂੰ ਭਾਰਤ ਦੀਆਂ ਪ੍ਰਮੁੱਖ ਚੁਣੌਤੀਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਇਸ ਮੁਕਾਬਲੇ ਦੇ ਨਤੀਜੇ ਤੋਂ ਬਾਅਦ ਸੈਮੀਫਾਈਨਲ ਦੀ ਦੌੜ ਅਤੇ ਟੀਮਾਂ ਦੀ ਸਥਿਤੀ ਹੋਰ ਸਪੱਸ਼ਟ ਹੋ ਜਾਵੇਗੀ।
