Home ਖੇਡਾਂ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਇਤਿਹਾਸਕ ਉਪਲਬਧੀ ਕੀਤੀ ਹਾਸਲ , 200ਵੇਂ ਟੀ-20...

ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਇਤਿਹਾਸਕ ਉਪਲਬਧੀ ਕੀਤੀ ਹਾਸਲ , 200ਵੇਂ ਟੀ-20 ਨਾਲ ਬਣਾਇਆ ਵਿਸ਼ਵ ਰਿਕਾਰਡ

0

ਸਪੋਰਟਸ ਡੈਸਕ: ਮਹਿਲਾ ਟੀ-20 ਵਿਸ਼ਵ ਕੱਪ 2026 ‘ਚ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਇਤਿਹਾਸਕ ਉਪਲਬਧੀ ਹਾਸਲ ਕਰ ਲਈ। ਬੀਤੇ ਦਿਨ , 21 ਜੂਨ ਨੂੰ ਦੱਖਣੀ ਅਫਰੀਕਾ ਦਾ ਸਾਹਮਣਾ ਕਰਦੇ ਹੀ ਉਹ ਪੁਰਸ਼ ਅਤੇ ਮਹਿਲਾ ਕ੍ਰਿਕਟ ਸਮੇਤ 200 ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਦੁਨੀਆ ਦੇ ਪਹਿਲੇ ਕ੍ਰਿਕਟਰ ਬਣ ਗਏ। ਹਾਲਾਂਕਿ ਇਸ ਖਾਸ ਮੌਕੇ ‘ਤੇ ਭਾਰਤੀ ਟੀਮ ਨੂੰ ਜਿੱਤ ਨਹੀਂ ਮਿਲ ਸਕੀ ਅਤੇ ਦੱਖਣੀ ਅਫਰੀਕਾ ਨੇ 6 ਵਿਕਟਾਂ ਨਾਲ ਮੁਕਾਬਲਾ ਆਪਣੇ ਨਾਮ ਕਰ ਲਿਆ ।

ਮੈਚ ਦਾ ਨਤੀਜਾ
ਭਾਰਤੀ ਮਹਿਲਾ – 158/7 (20 ਓਵਰ)

ਦੱਖਣੀ ਅਫਰੀਕਾ ਮਹਿਲਾ – 161/4 (19.1 ਓਵਰ)

ਦੱਖਣੀ ਅਫਰੀਕਾ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ

200ਵੇਂ ਟੀ-20 ਨਾਲ ਹਰਮਨਪ੍ਰੀਤ ਨੇ ਬਣਾਇਆ ਵਿਸ਼ਵ ਰਿਕਾਰਡ
ਹਰਮਨਪ੍ਰੀਤ ਕੌਰ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਮਾਰਚ 2009 ਵਿੱਚ ਪਾਕਿਸਤਾਨ ਵਿਰੁੱਧ ਵਨਡੇ ਵਿੱਚ ਕੀਤੀ ਸੀ, ਜਦੋਂ ਕਿ ਉਨ੍ਹਾਂ ਨੇ ਜੂਨ 2009 ਵਿੱਚ ਇੰਗਲੈਂਡ ਵਿਰੁੱਧ ਆਪਣਾ ਪਹਿਲਾ ਟੀ-20 ਅੰਤਰਰਾਸ਼ਟਰੀ ਖੇਡਿਆ ਸੀ। ਹੁਣ 17 ਸਾਲਾਂ ਬਾਅਦ, ਉਨ੍ਹਾਂ ਨੇ 200 ਟੀ-20 ਮੈਚ ਖੇਡਣ ਦਾ ਇਤਿਹਾਸਕ ਮੀਲ ਪੱਥਰ ਹਾਸਲ ਕੀਤਾ ਹੈ। ਮੈਚ ਤੋਂ ਪਹਿਲਾਂ, ਭਾਰਤੀ ਟੀਮ ਨੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ, ਜਿੱਥੇ ਮੁੱਖ ਕੋਚ ਅਮੋਲ ਮਜੂਮਦਾਰ ਅਤੇ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੇ ਉਨ੍ਹਾਂ ਨੂੰ ‘200’ ਨਾਲ ਛਾਪੀ ਇੱਕ ਵਿਸ਼ੇਸ਼ ਜਰਸੀ ਅਤੇ ਕੈਪ ਭੇਟ ਕੀਤੀ।

ਭਾਵੁਕ ਨਜ਼ਰ ਆਏ ਹਰਮਨਪ੍ਰੀਤ , ਡੈਬਿਊ ਕਰਨ ਵਾਲੇ ਖਿਡਾਰੀ ਨੂੰ ਪਹਿਨਾਈ ਕੈਪ
ਟਾਸ ਦੌਰਾਨ ਹਰਮਨਪ੍ਰੀਤ ਨੇ ਇਸ ਪ੍ਰਾਪਤੀ ਨੂੰ ਆਪਣੇ ਕਰੀਅਰ ਦਾ ਬੇਹੱਦ ਖਾਸ ਪਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਇਸ ਮੁਕਾਮ ‘ਤੇ ਪਹੁੰਚਣਗੇ। ਉਨ੍ਹਾਂ ਨੇ ਆਪਣੇ ਪਰਿਵਾਰ, ਦੋਸਤਾਂ, ਸਾਥੀਆਂ, ਬੀ.ਸੀ.ਸੀ.ਆਈ. ਅਤੇ ਰੱਬ ਦਾ ਧੰਨਵਾਦ ਕੀਤਾ। ਇਸੇ ਮੈਚ ਵਿਚ ਉਨ੍ਹਾਂ ਨੇ ਨੌਜਵਾਨ ਖਿਡਾਰੀ ਪ੍ਰੇਮਾ ਰਾਵਤ ਨੂੰ ਡੈਬਿਊ ਕੈਪ ਵੀ ਸੌਂਪੀ ਅਤੇ ਮਜ਼ਾਕ ਵਿਚ ਕਿਹਾ ਕਿ ਉਹ ਡੈਬਿਊ ਕਰਨ ਵਾਲੇ ਨਾਲੋਂ ਆਪਣੇ 200ਵੇਂ ਮੈਚ ਨੂੰ ਲੈ ਕੇ ਜ਼ਿਆਦਾ ਘਬਰਾਏ ਹੋਏ ਸਨ।

ਮਹਿਲਾ ਅਤੇ ਪੁਰਸ਼ ਕ੍ਰਿਕਟ ਵਿੱਚ ਸਭ ਤੋਂ ਅੱਗੇ ਹਰਮਨਪ੍ਰੀਤ
200 ਟੀ-20 ਮੈਚਾਂ ਦੇ ਨਾਲ, ਹਰਮਨਪ੍ਰੀਤ ਇਸ ਫਾਰਮੈਟ ਵਿੱਚ ਸਭ ਤੋਂ ਵੱਧ ਮੈਚ ਖੇਡਣ ਵਾਲੇ ਕ੍ਰਿਕਟਰ ਬਣ ਗਏ ਹਨ। ਮਹਿਲਾ ਕ੍ਰਿਕਟ ਵਿੱਚ, ਉਨ੍ਹਾਂ ਤੋਂ ਬਾਅਦ ਨਿਊਜ਼ੀਲੈਂਡ ਦੀ ਸੂਜ਼ੀ ਬੇਟਸ (184), ਇੰਗਲੈਂਡ ਦੀ ਡੈਨੀ ਵਿਆਟ-ਹੋਜ (183) ਅਤੇ ਆਸਟਰੇਲੀਆ ਦੀ ਐਲੀਸ ਪੇਰੀ (177) ਹਨ। ਪੁਰਸ਼ਾਂ ਦੇ ਕ੍ਰਿਕਟ ਵਿੱਚ, ਆਇਰਲੈਂਡ ਦੇ ਪਾਲ ਸਟਰਲਿੰਗ (163) ਅਤੇ ਭਾਰਤ ਦੇ ਰੋਹਿਤ ਸ਼ਰਮਾ (159) ਉਨ੍ਹਾਂ ਖਿਡਾਰੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੇ ਸਭ ਤੋਂ ਵੱਧ ਟੀ-20 ਮੈਚ ਖੇਡੇ ਹਨ।

ਮਾਰਿਜਨ ਕੈਪ ਦੀ ਸ਼ਾਨਦਾਰ ਗੇਂਦਬਾਜ਼ੀ, ਭਾਰਤ ਦੀ ਪਹਿਲੀ ਹਾਰ
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 20 ਓਵਰਾਂ ‘ਚ 7 ਵਿਕਟਾਂ ‘ਤੇ 158 ਦੌੜਾਂ ਬਣਾਈਆਂ। ਜਵਾਬ ‘ਚ ਦੱਖਣੀ ਅਫਰੀਕਾ ਨੇ 19.1 ਓਵਰਾਂ ‘ਚ 4 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ ਅਤੇ ਭਾਰਤ ਨੂੰ ਟੂਰਨਾਮੈਂਟ ‘ਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਦੱਖਣੀ ਅਫਰੀਕਾ ਦੀ ਜਿੱਤ ‘ਚ ਤਜਰਬੇਕਾਰ ਆਲਰਾਊਂਡਰ ਮੈਰੀਜ਼ਾਨੇ ਕੈਪ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

NO COMMENTS

LEAVE A REPLY

Please enter your comment!
Please enter your name here

Exit mobile version