ਨਾਇਸ (ਫਰਾਂਸ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਛੇ ਦਿਨਾਂ ਦੇ ਫਰਾਂਸ ਅਤੇ ਸਲੋਵਾਕੀਆ ਦੌਰੇ ਦੌਰਾਨ ਐਤਵਾਰ ਨੂੰ ਫਰਾਂਸ ਦੇ ਸ਼ਹਿਰ ਨਾਇਸ ਵਿੱਚ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮਿਲੇ। ਇਸ ਮੌਕੇ ਦੋਵਾਂ ਨੇਤਾਵਾਂ ਨੇ ‘ਇੰਡੀਆ ਇਨੋਵੇਟਸ’ ਪ੍ਰੋਗਰਾਮ ਦਾ ਸਾਂਝੇ ਤੌਰ ‘ਤੇ ਉਦਘਾਟਨ ਕੀਤਾ ਅਤੇ ਭਾਰਤ-ਫਰਾਂਸ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ।
ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆ ਵਿੱਚ ਕੁਝ ਹੀ ਅਜਿਹੇ ਦੇਸ਼ ਹਨ ਜਿਨ੍ਹਾਂ ਦੇ ਸਬੰਧ ਸਾਂਝੀ ਸੋਚ, ਭਰੋਸੇ ਅਤੇ ਭਵਿੱਖ ਲਈ ਇੱਕੋ ਜਿਹੇ ਦ੍ਰਿਸ਼ਟੀਕੋਣ ‘ਤੇ ਅਧਾਰਿਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਫਰਾਂਸ ਦਾ ਰਿਸ਼ਤਾ ਵੀ ਇਸੇ ਤਰ੍ਹਾਂ ਦਾ ਹੈ, ਜੋ ਸਿਰਫ਼ ਵਪਾਰ ਅਤੇ ਕੂਟਨੀਤੀ ਤੱਕ ਸੀਮਤ ਨਹੀਂ, ਸਗੋਂ ਸਾਂਝੇ ਮੁੱਲਾਂ ਅਤੇ ਲੰਬੇ ਸਮੇਂ ਦੀ ਭਾਈਵਾਲੀ ‘ਤੇ ਆਧਾਰਿਤ ਹੈ।
ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ ਨਵੀਨਤਾ, ਤਕਨਾਲੋਜੀ, ਸੁਰੱਖਿਆ ਅਤੇ ਟਿਕਾਊ ਵਿਕਾਸ ਵਰਗੇ ਖੇਤਰਾਂ ਵਿੱਚ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਭਰੋਸਾ ਜਤਾਇਆ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਹਿਯੋਗ ਹੋਰ ਵੀ ਵਿਸਤਾਰ ਪਾਏਗਾ ਅਤੇ ਵਿਸ਼ਵ ਪੱਧਰ ‘ਤੇ ਨਵੀਆਂ ਸੰਭਾਵਨਾਵਾਂ ਪੈਦਾ ਕਰੇਗਾ।
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਆਪਣੇ ਸੰਬੋਧਨ ਵਿੱਚ ਭਾਰਤ ਨੂੰ “ਨਵੀਨਤਾ ਦਾ ਰਾਸ਼ਟਰ” ਕਰਾਰ ਦਿੰਦਿਆਂ ਕਿਹਾ ਕਿ ਫਰਾਂਸ ਲੰਬੇ ਸਮੇਂ ਤੋਂ ‘ਮੇਕ ਇਨ ਇੰਡੀਆ’ ਪਹਿਲਕਦਮੀ ਦਾ ਭਰੋਸੇਯੋਗ ਭਾਈਵਾਲ ਰਿਹਾ ਹੈ। ਉਨ੍ਹਾਂ ਕਿਹਾ ਕਿ ਰੱਖਿਆ, ਏਅਰੋਸਪੇਸ, ਡਿਜ਼ੀਟਲ ਤਕਨਾਲੋਜੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੇ ਖੇਤਰਾਂ ਵਿੱਚ ਦੋਵੇਂ ਦੇਸ਼ਾਂ ਦਾ ਸਹਿਯੋਗ ਲਗਾਤਾਰ ਮਜ਼ਬੂਤ ਹੋ ਰਿਹਾ ਹੈ।
ਮੈਕਰੋਨ ਨੇ ਜਲਵਾਯੂ ਪਰਿਵਰਤਨ ਅਤੇ ਸਾਫ਼ ਊਰਜਾ ਦੇ ਖੇਤਰ ਵਿੱਚ ਵੀ ਭਾਰਤ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਿਵਲ ਪਰਮਾਣੂ ਊਰਜਾ ਖੇਤਰ ਵਿੱਚ ਭਾਰਤ ਅਤੇ ਫਰਾਂਸ ਕੋਲ ਸਹਿਯੋਗ ਦੀਆਂ ਅਥਾਹ ਸੰਭਾਵਨਾਵਾਂ ਹਨ। ਖ਼ਾਸ ਕਰਕੇ ਛੋਟੇ ਮਾਡਿਊਲਰ ਰਿਐਕਟਰਾਂ (SMRs) ਅਤੇ ਨਵੀਂ ਪ੍ਰਮਾਣੂ ਤਕਨਾਲੋਜੀ ਦੇ ਵਿਕਾਸ ਵਿੱਚ ਦੋਵੇਂ ਦੇਸ਼ ਮਿਲ ਕੇ ਕੰਮ ਕਰ ਸਕਦੇ ਹਨ।
ਮੋਦੀ ਅਤੇ ਮੈਕਰੋਨ ਦੀ ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਭਾਰਤ ਅਤੇ ਫਰਾਂਸ ਵਿਸ਼ਵ ਪੱਧਰ ‘ਤੇ ਕਈ ਮਹੱਤਵਪੂਰਨ ਮੁੱਦਿਆਂ ‘ਤੇ ਇੱਕ ਦੂਜੇ ਦੇ ਕਰੀਬ ਮੰਨੇ ਜਾਂਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਮੁਲਾਕਾਤ ਨਾਲ ਦੋਵਾਂ ਦੇਸ਼ਾਂ ਦੇ ਰਣਨੀਤਕ, ਆਰਥਿਕ ਅਤੇ ਤਕਨਾਲੋਜੀਕ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ।
