ਨਵੀਂ ਦਿੱਲੀ: ਭਾਰਤ ਸਰਕਾਰ ਨੇ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਪ੍ਰਸਤਾਵਿਤ ਆਨਲਾਈਨ ਸੰਬੋਧਨ ਨੂੰ ਰੋਕਣ ਦੀ ਬੰਗਲਾਦੇਸ਼ ਦੀ ਮੰਗ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਇਸ ਪ੍ਰੋਗਰਾਮ ਦਾ ਭਾਰਤ ਸਰਕਾਰ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਇਹ ਇੱਕ ਨਿੱਜੀ ਸੰਸਥਾ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ, ਸ਼ੇਖ ਹਸੀਨਾ 5 ਅਗਸਤ ਨੂੰ ਨਵੀਂ ਦਿੱਲੀ ਵਿੱਚ Foreign Correspondents’ Club of South Asia (FCCSA) ਵੱਲੋਂ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਆਨਲਾਈਨ ਸੰਬੋਧਨ ਕਰਨ ਵਾਲੀ ਹੈ। ਇਹ ਲਗਭਗ ਦੋ ਸਾਲਾਂ ਬਾਅਦ ਉਨ੍ਹਾਂ ਦਾ ਪਹਿਲਾ ਜਨਤਕ ਸੰਬੋਧਨ ਹੋਵੇਗਾ। ਇਸ ਨੂੰ ਲੈ ਕੇ ਬੰਗਲਾਦੇਸ਼ ਸਰਕਾਰ ਨੇ ਭਾਰਤ ਤੋਂ ਮੰਗ ਕੀਤੀ ਸੀ ਕਿ ਇਸ ਪ੍ਰੋਗਰਾਮ ਨੂੰ ਰੋਕਿਆ ਜਾਵੇ।
ਪ੍ਰੈਸ ਕਾਨਫਰੰਸ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਹ ਪ੍ਰੋਗਰਾਮ ਕਿਸੇ ਸਰਕਾਰੀ ਏਜੰਸੀ ਵੱਲੋਂ ਨਹੀਂ ਕਰਵਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਇਹ ਇੱਕ ਨਿੱਜੀ ਸੰਸਥਾ ਦਾ ਪ੍ਰੋਗਰਾਮ ਹੈ ਅਤੇ ਭਾਰਤ ਸਰਕਾਰ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪ੍ਰੋਗਰਾਮ ਦੌਰਾਨ ਪ੍ਰਗਟ ਕੀਤੇ ਜਾਣ ਵਾਲੇ ਵਿਚਾਰ ਭਾਰਤ ਸਰਕਾਰ ਦੇ ਅਧਿਕਾਰਕ ਵਿਚਾਰ ਨਹੀਂ ਮੰਨੇ ਜਾਣਗੇ।
ਬੰਗਲਾਦੇਸ਼ ਸਰਕਾਰ ਨੇ ਇਸ ਸੰਬੋਧਨ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਆਪਣੇ ਦੇਸ਼ ਦੇ ਮੀਡੀਆ ਸੰਸਥਾਨਾਂ ਨੂੰ ਇਸ ਦੇ ਪ੍ਰਸਾਰਣ ਤੋਂ ਬਚਣ ਲਈ ਚੇਤਾਵਨੀ ਵੀ ਦਿੱਤੀ ਹੈ। ਢਾਕਾ ਦਾ ਮੰਨਣਾ ਹੈ ਕਿ ਇਹ ਸੰਬੋਧਨ ਦੋਵਾਂ ਦੇਸ਼ਾਂ ਦੇ ਕੂਟਨੀਤਿਕ ਸੰਬੰਧਾਂ ‘ਤੇ ਅਸਰ ਪਾ ਸਕਦਾ ਹੈ।
ਭਾਰਤ ਅਤੇ ਬੰਗਲਾਦੇਸ਼ ਦੇ ਸੰਬੰਧ ਪਿਛਲੇ ਕੁਝ ਸਮੇਂ ਤੋਂ ਕਈ ਸੰਵੇਦਨਸ਼ੀਲ ਮੁੱਦਿਆਂ ਨੂੰ ਲੈ ਕੇ ਚਰਚਾ ਵਿੱਚ ਰਹੇ ਹਨ। ਇਸ ਤੋਂ ਪਹਿਲਾਂ ਵੀ ਭਾਰਤ ਨੇ ਕਿਹਾ ਸੀ ਕਿ ਸ਼ੇਖ ਹਸੀਨਾ ਨਾਲ ਜੁੜੇ ਹੋਰ ਮਾਮਲੇ, ਜਿਵੇਂ ਕਿ ਹਵਾਲਗੀ ਦੀ ਬੇਨਤੀ, ਕਾਨੂੰਨੀ ਪ੍ਰਕਿਰਿਆ ਅਨੁਸਾਰ ਵਿਚਾਰੇ ਜਾ ਰਹੇ ਹਨ।
