ਨਾਗੋਆ: ਏਸ਼ੀਅਨ ਖੇਡਾਂ 2026 ਦੇ ਪੁਰਸ਼ ਹਾਕੀ ਸੈਮੀਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਰੋਮਾਂਚਕ ਮੁਕਾਬਲੇ ਵਿੱਚ 4-3 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ। ਭਾਰਤ ਨੇ ਇੱਕ ਸਮੇਂ 3-0 ਦੀ ਬੜ੍ਹਤ ਬਣਾਈ ਸੀ, ਪਰ ਪਾਕਿਸਤਾਨ ਨੇ ਵਾਪਸੀ ਕਰਦਿਆਂ ਸਕੋਰ 3-3 ਕਰ ਦਿੱਤਾ।
ਭਾਰਤ ਵੱਲੋਂ ਕਪਤਾਨ ਹਰਮਨਪ੍ਰੀਤ ਸਿੰਘ ਨੇ 5ਵੇਂ ਅਤੇ 13ਵੇਂ ਮਿੰਟ ਵਿੱਚ ਦੋ ਪੈਨਲਟੀ ਕਾਰਨਰਾਂ ਨੂੰ ਗੋਲ ਵਿੱਚ ਬਦਲ ਕੇ ਟੀਮ ਨੂੰ 2-0 ਦੀ ਬੜ੍ਹਤ ਦਿਵਾਈ। ਇਸ ਤੋਂ ਬਾਅਦ ਸੁਖਜੀਤ ਸਿੰਘ ਨੇ 23ਵੇਂ ਮਿੰਟ ਵਿੱਚ ਫੀਲਡ ਗੋਲ ਕਰਕੇ ਸਕੋਰ 3-0 ਕਰ ਦਿੱਤਾ।
ਪਾਕਿਸਤਾਨ ਨੇ 30ਵੇਂ ਮਿੰਟ ਵਿੱਚ ਅਬੂ ਮਹਮੂਦ, 45ਵੇਂ ਮਿੰਟ ਵਿੱਚ ਹੰਨਾਨ ਸ਼ਾਹਿਦ ਅਤੇ 49ਵੇਂ ਮਿੰਟ ਵਿੱਚ ਵਹੀਦ ਅਸ਼ਰਫ ਰਾਣਾ ਦੇ ਗੋਲਾਂ ਨਾਲ ਮੈਚ ਵਿੱਚ ਵਾਪਸੀ ਕੀਤੀ ਅਤੇ ਸਕੋਰ 3-3 ਕਰ ਦਿੱਤਾ।
ਮੈਚ ਖਤਮ ਹੋਣ ਤੋਂ ਕਰੀਬ 49 ਸਕਿੰਟ ਪਹਿਲਾਂ ਅਭਿਸ਼ੇਕ ਨੇ ਗੋਲ ਕਰਕੇ ਭਾਰਤ ਨੂੰ 4-3 ਦੀ ਜਿੱਤ ਦਿਵਾਈ। ਉਸ ਦੀ ਕੋਸ਼ਿਸ਼ ਪਾਕਿਸਤਾਨੀ ਡਿਫੈਂਡਰ ਦੀ ਸਟਿਕ ਨਾਲ ਲੱਗ ਕੇ ਗੋਲ ਵਿੱਚ ਚਲੀ ਗਈ। ਇਸ ਗੋਲ ਨਾਲ ਭਾਰਤ ਨੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ।
ਹੁਣ ਭਾਰਤ ਦਾ ਸਾਹਮਣਾ 3 ਅਕਤੂਬਰ ਨੂੰ ਹੋਣ ਵਾਲੇ ਸੋਨ ਤਗਮੇ ਦੇ ਮੁਕਾਬਲੇ ਵਿੱਚ ਮਲੇਸ਼ੀਆ ਨਾਲ ਹੋਵੇਗਾ। ਮਲੇਸ਼ੀਆ ਨੇ ਦੂਜੇ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਨੂੰ 2-1 ਨਾਲ ਹਰਾਇਆ
