ਚੰਡੀਗੜ੍ਹ : ਪੰਜਾਬ ਦੇ ਲਹਿਰਾਗਾਗਾ (ਹਲਕਾ ਸਤਰਾਣਾ) ‘ਚ ਭਾਰਤੀ ਜਨਤਾ ਪਾਰਟੀ ਨੂੰ ਵੱਡੀ ਸਿਆਸੀ ਤਾਕਤ ਮਿਲੀ ਹੈ। ਇਲਾਕੇ ਦੇ ਵੱਖ-ਵੱਖ ਵਰਗਾਂ ਨਾਲ ਸਬੰਧਤ ਲੋਕਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਅਤੇ ਭਾਜਪਾ ਦੀਆਂ ਨੀਤੀਆਂ ’ਤੇ ਭਰੋਸਾ ਪ੍ਰਗਟਾਉਂਦਿਆਂ ਪਾਰਟੀ ਦੀ ਮੈਂਬਰਸ਼ਿਪ ਲਈ। ਪਟਿਆਲਾ, ਮਾਨਸਾ, ਸੰਗਰੂਰ, ਪਾਤੜਾ ਅਤੇ ਲਹਿਰਾਗਾਗਾ ਖੇਤਰਾਂ ਨਾਲ ਸਬੰਧਤ ਤਿੰਨ ਦਰਜਨ ਤੋਂ ਵੱਧ ਲੋਕ ਭਾਜਪਾ ਵਿੱਚ ਸ਼ਾਮਲ ਹੋਏ। ਇਨ੍ਹਾਂ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਵਰਕਰਾਂ ਦੇ ਨਾਲ-ਨਾਲ ਸਮਾਜ ਸੇਵੀ, ਵਪਾਰੀ, ਕਿਸਾਨ, ਠੇਕੇਦਾਰ, ਸਾਬਕਾ ਸੈਨਿਕ ਅਤੇ ਸਮਾਜ ਦੇ ਹੋਰ ਵਰਗਾਂ ਦੇ ਲੋਕ ਸ਼ਾਮਲ ਰਹੇ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਜਪਾ ਪਰਿਵਾਰ ਲਗਾਤਾਰ ਵੱਧ ਰਿਹਾ ਹੈ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਦਾ ਪਾਰਟੀ ਵਿੱਚ ਸ਼ਾਮਲ ਹੋਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਅਤੇ ਭਾਜਪਾ ਦੀਆਂ ਲੋਕ ਭਲਾਈ ਨੀਤੀਆਂ ਵਿੱਚ ਵੱਧ ਰਹੇ ਵਿਸ਼ਵਾਸ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ। ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਉਮੀਦਾਂ ਨਾਲ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪੀ ਸੀ, ਉਹ ਪੂਰੀਆਂ ਨਹੀਂ ਹੋਈਆਂ। ਇਹੀ ਕਾਰਨ ਹੈ ਕਿ ਹੁਣ ਲੋਕ ਆਸ ਭਰੀਆਂ ਨਜ਼ਰਾਂ ਨਾਲ ਭਾਜਪਾ ਵੱਲ ਦੇਖ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਭਾਜਪਾ ਕੇਵਲ ਚੋਣਾਂ ਦੇ ਸਮੇਂ ਲੋਕਾਂ ਵਿੱਚ ਜਾਣ ਵਾਲੀ ਪਾਰਟੀ ਨਹੀਂ , ਬਲਕਿ ਨਿਰੰਤਰ ਜਨਸੇਵਾ ਅਤੇ ਵਿਕਾਸ ਦੇ ਲਈ ਕਾਰਜ ਕਰਨ ਵਾਲੀ ਪਾਰਟੀ ਹੈ ।
ਮੁੱਖ ਮੰਤਰੀ ਨੇ ਕਿਹਾ ਕਿ ਲਹਿਰਾਗਾਗਾ ਵਿੱਚ ਵੱਖ-ਵੱਖ ਵਰਗਾਂ ਦੇ ਲੋਕ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਹੋਰ ਮਜ਼ਬੂਤ ਕਰਨਗੇ। ਉਨ੍ਹਾਂ ਨਵੇਂ ਮੈਂਬਰਾਂ ਦਾ ਸਵਾਗਤ ਅਤੇ ਵਧਾਈ ਦਿੰਦੇ ਹੋਏ ਕਿਹਾ ਕਿ ਭਾਜਪਾ ਵਿੱਚ ਹਰ ਵਰਕਰ ਨੂੰ ਬਣਦਾ ਮਾਣ ਸਤਿਕਾਰ ਅਤੇ ਅੱਗੇ ਵਧਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਰਾਜਨੀਤੀ ਹੁਣ ਲੋਕ ਮੁੱਦਿਆਂ ਤੋਂ ਦੂਰ ਹੁੰਦੀ ਜਾ ਰਹੀ ਹੈ, ਜਦਕਿ ਭਾਜਪਾ ਵਿਕਾਸ, ਸੁਸ਼ਾਸਨ ਅਤੇ ਲੋਕ ਸੇਵਾ ਦੇ ਏਜੰਡੇ ਨੂੰ ਲੈ ਕੇ ਅੱਗੇ ਵਧ ਰਹੀ ਹੈ। ਲਹਿਰਾਗਾਗਾ ਵਿੱਚ ਭਾਜਪਾ ਨਾਲ ਲੋਕਾਂ ਦਾ ਜੁੜਨਾ ਇਸ ਬਦਲਦੇ ਸਿਆਸੀ ਮਾਹੌਲ ਦੀ ਨਿਸ਼ਾਨੀ ਹੈ।
ਇਸ ਮੌਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਓਲੰਪਿਕ ਐਵਾਰਡੀ ਮਨਪ੍ਰੀਤ ਕੌਰ, ਕਿਸਾਨ ਯੂਨੀਅਨ ਨਾਲ ਸਬੰਧਤ ਨਿਰਮਲ ਸਿੰਘ, ਕਿਸਾਨ ਰਾਮਪਾਲ ਲਬਲ, ਵਪਾਰੀ ਦੀਪਕ ਗਰਗ, ਅਮ੍ਤਿਪਾਲ ਸਿੰਘ ਤੇ ਸੁਖਜੀਤ ਸ਼ਰਮਾ, ਸਮਾਜ ਸੇਵੀ ਦੌਲੀ ਰਾਮ, ਤਾਰਾ ਸਿੰਘ, ਸੁਸ਼ੀਲ ਕੁਮਾਰ ਤੇ ਮਨਦੀਪ ਸਿੰਘ, ਪ੍ਰਾਪਰਟੀ ਕਾਰੋਬਾਰ ਨਾਲ ਸਬੰਧਤ ਬਲਵਿੰਦਰ ਸਿੰਘ ਤੇ ਠੇਕੇਦਾਰ ਸੁਖਵਿੰਦਰ ਸਿੰਘ ਆਦਿ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਆਮ ਆਦਮੀ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਕਈ ਆਗੂਆਂ ਤੇ ਵਰਕਰਾਂ ਨੇ ਵੀ ਭਾਜਪਾ ਦੀ ਮੈਂਬਰਸ਼ਿਪ ਲਈ।
ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਰਾਂਝਾ ਬਖਸ਼ੀ, ਓ.ਬੀ.ਸੀ. ਮੋਰਚਾ ਭਾਜਪਾ ਗਿਆਨਚੰਦ ਸੈਣੀ, ਭਾਜਪਾ ਸੰਗਰੂਰ ਦੇ ਮੀਤ ਪ੍ਰਧਾਨ ਬਲਜੀਤ ਸਿੰਘ, ਭਾਜਪਾ ਪਟਿਆਲਾ ਜ਼ਿਲ੍ਹਾ ਪ੍ਰਧਾਨ ਕਾਜਲ, ਭਾਜਪਾ ਮਾਨਸਾ ਸੋਸ਼ਲ ਮੀਡੀਆ ਇੰਚਾਰਜ ਲੱਕੀ ਸ਼ਰਮਾ, ਐਸ.ਸੀ ਮੋਰਚਾ ਜ਼ਿਲ੍ਹਾ ਪ੍ਰਧਾਨ ਸ਼ਿਵਪਾਲ, ਕੋਟੜਾ ਮੰਡਲ ਪ੍ਰਧਾਨ ਸੁਖਨਿੰਦਰ ਸਿੰਘ ਅਤੇ ਸੀਨੀਅਰ ਭਾਜਪਾ ਵਰਕਰ ਬਲਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਤੇ ਵਰਕਰ ਹਾਜ਼ਰ ਰਹੇ।
