ਫਿਰੋਜ਼ਪੁਰ: ਜ਼ਿਲ੍ਹੇ ਦੇ ਪਿੰਡ ਮੋਹਰੇ ਵਾਲਾ ਵਿੱਚ ਤਿੰਨ ਬੱਚਿਆਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਵਿੱਚ ਇੱਕੋ ਪਰਿਵਾਰ ਦੇ ਦੋ ਬੱਚੇ ਅਤੇ ਦੂਜੇ ਪਰਿਵਾਰ ਦਾ ਇੱਕ ਬੱਚਾ ਸ਼ਾਮਲ ਦੱਸਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ। ਮੁੱਢਲੀ ਜਾਣਕਾਰੀ ਅਨੁਸਾਰ ਬੱਚਿਆਂ ਦੇ ਮੂੰਹ ਵਿੱਚੋਂ ਝੱਗ ਨਿਕਲਣ ਲੱਗੀ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪਏ।
ਪੀੜਤ ਮਾਂ ਮਨਦੀਪ ਕੌਰ, ਜੋ ਪਿੰਡ ਮੋਹਰੇ ਵਾਲਾ ਦੀ ਰਹਿਣ ਵਾਲੀ ਹੈ, ਨੇ ਦੱਸਿਆ ਕਿ ਉਸ ਨੇ ਆਪਣੇ ਤਿੰਨਾਂ ਬੱਚਿਆਂ ਨਾਲ ਖੁਦ ਵੀ ਰੋਟੀ-ਸਬਜ਼ੀ ਖਾਧੀ ਅਤੇ ਦੁੱਧ ਪੀਤਾ ਸੀ। ਕੁਝ ਸਮੇਂ ਬਾਅਦ ਉਸ ਦੇ 6 ਅਤੇ 7 ਸਾਲ ਦੇ ਦੋ ਬੱਚਿਆਂ ਦੀ ਸਿਹਤ ਅਚਾਨਕ ਵਿਗੜ ਗਈ। ਦੋਵਾਂ ਦੇ ਮੂੰਹ ਵਿੱਚੋਂ ਝੱਗ ਨਿਕਲਣ ਲੱਗੀ। ਪਰਿਵਾਰ ਵੱਲੋਂ ਬੱਚਿਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਮੀਤ ਅਤੇ ਸੁਖਜੀਤ ਵਜੋਂ ਹੋਈ ਹੈ।
ਮਨਦੀਪ ਕੌਰ ਮੁਤਾਬਕ ਉਸ ਨੇ ਆਪਣੇ ਪੁੱਤਰ ਨੂੰ ਵੀ ਉਹੀ ਦੁੱਧ ਪਿਲਾਇਆ ਸੀ, ਪਰ ਉਸ ਦੀ ਸਿਹਤ ਠੀਕ ਹੈ। ਉੱਧਰ, ਪਿੰਡ ਵਿੱਚ ਦੁੱਧ ਪੀਣ ਤੋਂ ਬਾਅਦ ਬੱਚਿਆਂ ਦੀ ਤਬੀਅਤ ਵਿਗੜਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਦੇ ਇਕ ਹੋਰ ਬੱਚੇ ਦੇ ਬੇਹੋਸ਼ ਹੋਣ ਅਤੇ ਇੱਕ ਹੋਰ ਬੱਚੇ ਦੀ ਮੌਤ ਹੋਣ ਦੀ ਸੂਚਨਾ ਵੀ ਸਾਹਮਣੇ ਆਈ ਹੈ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਪਿੰਡ ਪਹੁੰਚ ਗਈਆਂ। ਦੋਵਾਂ ਬੱਚਿਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਫਰੀਦਕੋਟ ਮੈਡੀਕਲ ਕਾਲਜ ਵਿੱਚ ਕਰਵਾਇਆ ਜਾਵੇਗਾ।
ਫਿਲਹਾਲ ਬੱਚਿਆਂ ਦੀ ਮੌਤ ਦਾ ਅਸਲ ਕਾਰਨ ਸਪੱਸ਼ਟ ਨਹੀਂ ਹੋਇਆ ਹੈ। ਜਾਂਚ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਥਿਤੀ ਸਾਫ਼ ਹੋ ਸਕੇਗੀ। ਅਜੇ ਤੱਕ ਦੁੱਧ ਜਾਂ ਕਿਸੇ ਹੋਰ ਖਾਣ-ਪੀਣ ਵਾਲੀ ਚੀਜ਼ ਨੂੰ ਮੌਤ ਦਾ ਕਾਰਨ ਮੰਨਣ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
