ਬਠਿੰਡਾ : ਅੱਧੀ ਰਾਤ ਨੂੰ ਬਠਿੰਡਾ-ਡੱਬਵਾਲੀ ਨੈਸ਼ਨਲ ਹਾਈਵੇਅ ‘ਤੇ ਪਿੰਡ ਡੂਮਵਾਲੀ ਨੇੜੇ ਪੁਲਿਸ ਦੀ ਵਰਦੀ ਵਿੱਚ ਤਿੰਨ ਵਿਅਕਤੀਆਂ ਵੱਲੋਂ ਟਰੱਕਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਨਾਲ ਆ ਰਿਹਾ ਇੱਕ ਟਰੱਕ ਚੈਕਿੰਗ ਲਈ ਖੜ੍ਹੇ ਟਰੱਕ ਨਾਲ ਟਕਰਾ ਗਿਆ, ਜਿਸ ਕਾਰਨ ਟਰੱਕ ਚਾਲਕ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਚੈਕਿੰਗ ਕਰ ਰਹੇ ਵਰਦੀਧਾਰੀ ਵਿਅਕਤੀ ਆਪਣੀ ਨਿੱਜੀ ਗੱਡੀ ਵਿੱਚ ਬੈਠ ਕੇ ਫ਼ਰਾਰ ਹੋ ਗਏ, ਜਦਕਿ ਬਾਅਦ ਵਿੱਚ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ।
ਜਾਣਕਾਰੀ ਅਨੁਸਾਰ ਪਿੰਡ ਡੂਮਵਾਲੀ ਨੇੜੇ ਅੱਧੀ ਰਾਤ ਨੂੰ ਪੁਲਿਸ ਦੀ ਵਰਦੀ ਵਿੱਚ ਤਿੰਨ ਵਿਅਕਤੀ ਨਿੱਜੀ ਗੱਡੀਆਂ ਅਤੇ ਟਰੱਕਾਂ ਦੀ ਚੈਕਿੰਗ ਕਰ ਰਹੇ ਸਨ। ਉਨ੍ਹਾਂ ਨੇ ਪਹਿਲਾਂ ਸੜਕ ‘ਤੇ ਤਿੰਨ ਟਰੱਕਾਂ ਨੂੰ ਰੋਕਿਆ ਹੋਇਆ ਸੀ, ਜੋ ਸੜਕ ਦੇ ਕਿਨਾਰੇ ਖੜ੍ਹੇ ਸਨ। ਇਸ ਦੌਰਾਨ ਜਦੋਂ ਉਨ੍ਹਾਂ ਨੇ ਚੌਥੇ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਟਰੱਕ ਦੇ ਬ੍ਰੇਕ ਨਹੀਂ ਲੱਗੇ ਅਤੇ ਉਹ ਪਹਿਲਾਂ ਤੋਂ ਖੜ੍ਹੇ ਟਰੱਕ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਟਰੱਕ ਵਿੱਚ ਸਵਾਰ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਟਰੱਕ ਦਾ ਅਗਲਾ ਹਿੱਸਾ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਤੋਂ ਬਾਅਦ ਵਰਦੀਧਾਰੀ ਵਿਅਕਤੀ ਆਪਣੀ ਨਿੱਜੀ ਕਾਰ ਵਿੱਚ ਫ਼ਰਾਰ ਹੋ ਗਏ।
ਬਾਅਦ ਵਿੱਚ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਟਰੱਕ ਚਾਲਕ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹੁਣ ਸਵਾਲ ਇਹ ਉੱਠਦਾ ਹੈ ਕਿ ਅੱਧੀ ਰਾਤ ਨੂੰ ਆਪਣੀ ਨਿੱਜੀ ਕਾਰ ਵਿੱਚ ਸਵਾਰ ਹੋ ਕੇ ਟਰੱਕ ਚਾਲਕਾਂ ਨੂੰ ਰੋਕ ਕੇ ਚੈਕਿੰਗ ਕਰਨ ਵਾਲੇ ਇਹ ਪੁਲਿਸ ਮੁਲਾਜ਼ਮ ਕੌਣ ਸਨ ਅਤੇ ਹਾਦਸੇ ਸਮੇਂ ਉਹ ਆਪਣੀ ਗੱਡੀ ਲੈ ਕੇ ਮੌਕੇ ਤੋਂ ਕਿਉਂ ਫ਼ਰਾਰ ਹੋ ਗਏ? ਇਹ ਜਾਂਚ ਦਾ ਵਿਸ਼ਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
