ਕਰਨਾਟਕ: ਕਰਨਾਟਕ ਵਿੱਚ ਹੁੰਸੂਰ ਨੇੜੇ ਪੇਰੀਆਪਟਨਾ ਇਲਾਕੇ ਵਿੱਚ ਇੱਕ ਨਿੱਜੀ ਬੱਸ ਅਤੇ ਟਰੱਕ ਵਿਚਾਲੇ ਆਹਮੋ-ਸਾਹਮਣੇ ਜ਼ੋਰਦਾਰ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 14 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ, ਕਾਵੇਰੀ ਏਸੀ ਸਲੀਪਰ ਬੱਸ ਕੇਰਲ ਦੇ ਕੋਝੀਕੋਡ ਤੋਂ ਬੈਂਗਲੁਰੂ ਵੱਲ ਜਾ ਰਹੀ ਸੀ। ਇਸੇ ਦੌਰਾਨ ਪੇਰੀਆਪਟਨਾ ਨੇੜੇ ਬੱਸ ਦੀ ਇੱਕ ਟਰੱਕ ਨਾਲ ਸਿੱਧੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਵਾਹਨਾਂ ਦੇ ਅਗਲੇ ਹਿੱਸੇ ਬੁਰੀ ਤਰ੍ਹਾਂ ਨੁਕਸਾਨੇ ਗਏ।
ਪੁਲਿਸ ਮੁਤਾਬਕ, ਹਾਦਸੇ ਵਿੱਚ ਚਾਰ ਲੋਕਾਂ ਦੀ ਜਾਨ ਚਲੀ ਗਈ, ਜਦਕਿ 14 ਵਿਅਕਤੀ ਜ਼ਖ਼ਮੀ ਹੋਏ ਹਨ। ਮ੍ਰਿਤਕਾਂ ਵਿੱਚ ਆਫਤਾਬ, ਸਾਜੇਸ਼ (36) ਅਤੇ ਸੁਨੀਲ ਦੀ ਪਛਾਣ ਹੋਈ ਹੈ। ਇਹ ਤਿੰਨੇ ਮਨਕਾਵੂ ਦੇ ਰਹਿਣ ਵਾਲੇ ਦੱਸੇ ਗਏ ਹਨ, ਜਦਕਿ ਚੌਥੇ ਮ੍ਰਿਤਕ ਦੀ ਪਛਾਣ ਕੀਤੀ ਜਾਣੀ ਬਾਕੀ ਹੈ। ਮ੍ਰਿਤਕਾਂ ਦੀਆਂ ਦੇਹਾਂ ਨੂੰ ਹੁੰਸੂਰ ਦੇ ਹਸਪਤਾਲ ਭੇਜਿਆ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਪਹਿਲਾਂ ਕਰਨਾਟਕ ਦੇ ਹੁਬਲੀ ਨੇੜੇ ਵੀਰਵਾਰ ਤੜਕੇ ਇੱਕ ਨਿੱਜੀ ਬੱਸ ਸੜਕ ਤੋਂ ਉਤਰ ਕੇ ਖੇਤ ਵਿੱਚ ਜਾ ਡਿੱਗੀ ਸੀ। ਇਸ ਹਾਦਸੇ ਵਿੱਚ ਅੱਠ ਸਾਲ ਦੀ ਬੱਚੀ ਦੀ ਮੌਤ ਹੋ ਗਈ ਸੀ, ਜਦਕਿ 16 ਹੋਰ ਲੋਕ ਜ਼ਖ਼ਮੀ ਹੋਏ ਸਨ। ਜਾਣਕਾਰੀ ਮੁਤਾਬਕ, ਮੁੰਬਈ ਤੋਂ ਬੈਂਗਲੁਰੂ ਜਾ ਰਹੀ ਇਸ ਬੱਸ ਵਿੱਚ 26 ਯਾਤਰੀ ਸਵਾਰ ਸਨ। ਹਾਦਸਾ ਤੜਕੇ ਕਰੀਬ 3 ਵਜੇ ਚੱਬੀ ਕਰਾਸ ਨੇੜੇ ਵਾਪਰਿਆ। ਪੁਲਿਸ ਅਨੁਸਾਰ, ਡਰਾਈਵਰ ਦਾ ਬੱਸ ਤੋਂ ਕੰਟਰੋਲ ਖੋਹ ਜਾਣ ਕਾਰਨ ਵਾਹਨ ਸੜਕ ਤੋਂ ਹੇਠਾਂ ਉਤਰ ਗਿਆ।
ਹਾਦਸੇ ਤੋਂ ਬਾਅਦ ਪੁਲਿਸ ਅਤੇ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਚਲਾਇਆ। ਜ਼ਖ਼ਮੀਆਂ ਦਾ ਇਲਾਜ ਜਾਰੀ ਹੈ।
