Home ਸੰਸਾਰ ਸ਼੍ਰੀਲੰਕਾ ‘ਚ ਈਸਟਰ ਬੰਬ ਹਮਲੇ ‘ਤੇ ਇਤਿਹਾਸਕ ਫੈਸਲਾ, 15 ਦੋਸ਼ੀਆਂ ਨੂੰ ਸੁਣਾਈ...

ਸ਼੍ਰੀਲੰਕਾ ‘ਚ ਈਸਟਰ ਬੰਬ ਹਮਲੇ ‘ਤੇ ਇਤਿਹਾਸਕ ਫੈਸਲਾ, 15 ਦੋਸ਼ੀਆਂ ਨੂੰ ਸੁਣਾਈ ਗਈ ਸਖ਼ਤ ਸਜ਼ਾ

0

ਕੋਲੰਬੋ: ਸ਼੍ਰੀਲੰਕਾ ਦੀ ਇੱਕ ਅਦਾਲਤ ਨੇ 2019 ਦੇ ਈਸਟਰ ਫਿਦਾਈਨ ਹਮਲਾ ਮਾਮਲੇ ਵਿੱਚ ਬੀਤੇ ਦਿਨ ਸਜ਼ਾ ਦਾ ਐਲਾਨ ਕਰ ਦਿੱਤਾ। ਅਦਾਲਤ ਨੇ 24 ਮੁਲਜ਼ਮਾਂ ਵਿੱਚੋਂ 15 ਨੂੰ ਦੋਸ਼ੀ ਠਹਿਰਾਇਆ ਅਤੇ ਹਰੇਕ ਦੋਸ਼ੀ ਨੂੰ 200 ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ। ਦੱਸ ਦੇਈਏ ਕਿ ISIS ਨਾਲ ਜੁੜੇ ਸਥਾਨਕ ਇਸਲਾਮੀ ਕੱਟੜਪੰਥੀ ਸੰਗਠਨ ਨੈਸ਼ਨਲ ਤੌਹੀਦ ਜਮਾਤ (NTJ) ਨਾਲ ਜੁੜੇ 9 ਫਿਦਾਈਨ ਹਮਲਾਵਰਾਂ ਨੇ 21 ਅਪ੍ਰੈਲ, 2019 ਨੂੰ 3 ਕੈਥੋਲਿਕ ਚਰਚਾਂ ਅਤੇ 3 ਆਲੀਸ਼ਾਨ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ ਲੜੀਵਾਰ ਧਮਾਕੇ ਕੀਤੇ ਸਨ। ਇਨ੍ਹਾਂ ਹਮਲਿਆਂ ਵਿੱਚ 11 ਭਾਰਤੀਆਂ ਸਮੇਤ 270 ਲੋਕਾਂ ਦੀ ਮੌਤ ਹੋ ਗਈ ਸੀ ਅਤੇ 500 ਤੋਂ ਵੱਧ ਲੋਕ ਜ਼ਖਮੀ ਹੋਏ ਸਨ।

‘ਅਦਾਦੇਰਾਨਾ’ ਨਿਊਜ਼ ਪੋਰਟਲ ਵਿੱਚ ਛਪੀ ਇੱਕ ਰਿਪੋਰਟ ਮੁਤਾਬਕ, ਕੋਲੰਬੋ ਹਾਈ ਕੋਰਟ ਦੀ ਇੱਕ ਬੈਂਚ ਨੇ ਸਾਰੇ 15 ਦੋਸ਼ੀਆਂ ਲਈ 220-220 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਦਾ ਐਲਾਨ ਕੀਤਾ ਹੈ। ਜਸਟਿਸ ਨਵਰਤਨੇ ਮਾਰਾਸਿੰਘੇ, ਜਸਟਿਸ ਰਾਮਨਾਥਨ ਕਨਨ ਅਤੇ ਜਸਟਿਸ ਸੁਜੀਵਾ ਨਿਸਾਂਕਾ ਦੀ 3 ਮੈਂਬਰੀ ਬੈਂਚ ਨੇ ਫੈਸਲਾ ਸੁਣਾਉਂਦੇ ਹੋਏ 15 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ, ਜਦਕਿ 9 ਹੋਰਾਂ ਨੂੰ ਬਰੀ ਕਰ ਦਿੱਤਾ। ਗੌਰਤਲਬ ਹੈ ਕਿ ਇਸ ਮਾਮਲੇ ਦੀ ਕਰੀਬ 5 ਸਾਲ ਤੱਕ ਸੁਣਵਾਈ ਚੱਲੀ ਅਤੇ ਉਸ ਤੋਂ ਬਾਅਦ ਅਦਾਲਤ ਨੇ ਮੁੱਖ ਮੁਲਜ਼ਮ ਨੌਫਰ ਮੌਲਵੀ ਨੂੰ ਵੀ ਦੋਸ਼ੀ ਠਹਿਰਾਇਆ। ਮੁਲਜ਼ਮਾਂ ਵਿਰੁੱਧ 23 ਹਜ਼ਾਰ 270 ਦੋਸ਼ ਤੈਅ ਕੀਤੇ ਗਏ ਸਨ, ਜਦਕਿ ਇਸਤਗਾਸਾ ਪੱਖ ਵੱਲੋਂ 2 ਹਜ਼ਾਰ 309 ਗਵਾਹਾਂ ਦੇ ਬਿਆਨ ਦਰਜ ਕਰਵਾਏ ਗਏ।

ਜਾਣ ਲਓ ਕਿ ਇਸ ਮਾਮਲੇ ਦੇ ਮੁਲਜ਼ਮਾਂ ’ਤੇ ਅੱਤਵਾਦ ਰੋਕਥਾਮ ਕਾਨੂੰਨ ਦੇ ਤਹਿਤ ਕਤਲ ਅਤੇ ਕਤਲ ਦੀ ਕੋਸ਼ਿਸ਼, ਅੱਤਵਾਦੀ ਗਤੀਵਿਧੀਆਂ ਦੀ ਸਾਜ਼ਿਸ਼, ਹਥਿਆਰ ਅਤੇ ਵਿਸਫੋਟਕ ਰੱਖਣ ਅਤੇ ਉਨ੍ਹਾਂ ਦੀ ਵਰਤੋਂ ਨਾਲ ਜੁੜੇ ਦੋਸ਼ ਲਗਾਏ ਗਏ ਸਨ। ਦੱਸ ਦੇਈਏ ਕਿ ਨੈਸ਼ਨਲ ਤੌਹੀਦ ਜਮਾਤ ਦੇ ਆਗੂ ਜ਼ਾਹਰਾਨ ਹਾਸ਼ਿਮ ਨੇ ਖੁਦ ਫਿਦਾਈਨ ਦਸਤੇ ਦੀ ਅਗਵਾਈ ਕੀਤੀ ਸੀ, ਜਿਸ ਨੇ ਈਸਟਰ ਸੰਡੇ ਦੀ ਪ੍ਰਾਰਥਨਾ ਨੂੰ ਨਿਸ਼ਾਨਾ ਬਣਾਇਆ ਸੀ। ਇਸ ਹਮਲੇ ਤੋਂ ਬਾਅਦ ਸ਼੍ਰੀਲੰਕਾ ਵਿੱਚ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਸੀ। ਤਤਕਾਲੀ ਰਾਸ਼ਟਰਪਤੀ ਮੈਤ੍ਰੀਪਾਲਾ ਸਿਰੀਸੇਨਾ ਅਤੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ’ਤੇ ਪਹਿਲਾਂ ਤੋਂ ਖੁਫੀਆ ਜਾਣਕਾਰੀ ਮੌਜੂਦ ਹੋਣ ਦੇ ਬਾਵਜੂਦ ਹਮਲਿਆਂ ਨੂੰ ਰੋਕਣ ਵਿੱਚ ਨਾਕਾਮ ਰਹਿਣ ਦੇ ਦੋਸ਼ ਲੱਗੇ ਸਨ। ਜਾਂਚ ਦੌਰਾਨ, ਧਮਾਕਿਆਂ ਦੇ ਮਾਮਲੇ ਦੇ 5 ਸ਼ੱਕੀਆਂ ਨੂੰ ਯੂਏਈ ਤੋਂ ਵੀ ਵਤਨ ਵਾਪਸ ਲਿਆਂਦਾ ਗਿਆ ਸੀ।

NO COMMENTS

LEAVE A REPLY

Please enter your comment!
Please enter your name here

Exit mobile version