ਝੱਜਰ : ਖੇਡ ਮੈਦਾਨ ਤੋਂ ਹਰਿਆਣਾ ਦੇ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਓਡੀਸ਼ਾ ਦੇ ਭੁਵਨੇਸ਼ਵਰ ਵਿੱਚ ਹੋਈ 40ਵੀਂ ਨੈਸ਼ਨਲ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਹਰਿਆਣਾ ਦੇ ਕਈ ਖਿਡਾਰੀਆਂ ਨੇ ਮੈਡਲ ਜਿੱਤ ਕੇ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ ਹੈ। ਇਸ ਚੈਂਪੀਅਨਸ਼ਿਪ ਵਿੱਚ ਝੱਜਰ ਦੇ ਨੌਜਵਾਨ ਖਿਡਾਰੀ ਨੇ ਓਲੰਪਿਕ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਦਾ 11 ਸਾਲ ਪੁਰਾਣਾ ਰਿਕਾਰਡ ਤੋੜਦਿਆਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਨੀਰਜ ਚੋਪੜਾ ਦਾ ਟੁੱਟ ਗਿਆ ਰਿਕਾਰਡ
ਜੈਵਲਿਨ ਥ੍ਰੋਅ ਦੇ ਮੁਕਾਬਲੇ ‘ਚ U-18 ਉਮਰ ਵਰਗ ਵਿੱਚ ਝੱਜਰ ਦੇ ਹਿਮਾਂਸ਼ੂ ਜਾਖੜ ਨੇ ਓਲੰਪਿਕ ਸੋਨ ਤਗਮਾ ਜੇਤੂ ਨੀਰਜ ਚੋਪੜਾ ਦਾ 11 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਹਿਮਾਂਸ਼ੂ ਨੇ 80.38 ਮੀਟਰ ਦੀ ਸ਼ਾਨਦਾਰ ਥਰੋਅ ਨਾਲ ਨਵਾਂ ਮੀਟ ਰਿਕਾਰਡ ਬਣਾਉਂਦੇ ਹੋਏ ਸੋਨ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਇਹ ਰਿਕਾਰਡ 76.40 ਮੀਟਰ ਸੀ, ਜੋ ਨੀਰਜ ਚੋਪੜਾ ਨੇ ਸਾਲ 2014 ਵਿੱਚ ਹੋਈ ਚੈਂਪੀਅਨਸ਼ਿਪ ਵਿੱਚ ਬਣਾਇਆ ਸੀ।
ਇਸ ਪ੍ਰਾਪਤੀ ਦੇ ਨਾਲ, ਹਿਮਾਂਸ਼ੂ ਜਾਖੜ ਨੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਦਾ ਥ੍ਰੋਅ ਵਿਸ਼ਵ ਅੰਡਰ-20 ਮਿਆਰ (68.50 ਮੀਟਰ) ਤੋਂ ਕਿਤੇ ਵੱਧ ਗਿਆ, ਜਿਸ ਨਾਲ ਉਨ੍ਹਾਂ ਨੇ 2026 ਵਿਸ਼ਵ ਅੰਡਰ-20 ਚੈਂਪੀਅਨਸ਼ਿਪ ਲਈ ਇੱਕ ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ।
ਹਰਿਆਣਾ ਦੇ ਇਨ੍ਹਾਂ ਖਿਡਾਰੀਆਂ ਨੇ ਵੀ ਜਿੱਤੇ ਤਗਮੇ
ਅੰਡਰ-16 ਲੜਕਿਆਂ ਦੇ ਸ਼ਾਟ ਪੁੱਟ ਮੁਕਾਬਲੇ ਵਿੱਚ, ਪਾਣੀਪਤ ਦੇ ਦੇਵ ਨੇ 16.66 ਮੀਟਰ ਦੀ ਦੂਰੀ ਨਾਲ ਹਰਿਆਣਾ ਲਈ ਸੋਨ ਤਗਮਾ ਜਿੱਤਿਆ।
ਅੰਡਰ-16 ਲੜਕੀਆਂ ਦੇ ਜੈਵਲਿਨ ਥ੍ਰੋ ਵਿੱਚ, ਫਤਿਹਾਬਾਦ ਦੀ ਮੀਨਾਕਸ਼ੀ ਨੇ 44.97 ਮੀਟਰ ਦੀ ਲੰਬੀ ਥ੍ਰੋ ਨਾਲ ਸੋਨ ਤਗਮਾ ਜਿੱਤਿਆ। ਸੋਨੀਪਤ ਦੀ ਅਨੀਸ਼ਾ ਸਿੰਘਮਾਰ ਨੇ ਇਸੇ ਈਵੈਂਟ ਵਿੱਚ 42.81 ਮੀਟਰ ਦੀ ਥ੍ਰੋ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਡਿਸਕਸ ਥਰੋ ਅਤੇ ਲੌਂਗ ਜੰਪ ਵਿੱਚ ਤਮਗੇ
U-20 ਮੁੰਡਿਆਂ ਦੇ ਡਿਸਕਸ ਥਰੋ ਇਵੈਂਟ ਵਿੱਚ ਰੋਹਤਕ ਦੇ ਰਿਤਿਕ ਨੇ 55.19 ਮੀਟਰ ਥਰੋ ਨਾਲ ਚਾਂਦੀ ਦਾ ਤਮਗਾ ਜਿੱਤਿਆ।
U-20 ਕੁੜੀਆਂ ਦੇ ਲੌਂਗ ਜੰਪ ਵਿੱਚ ਫਤਿਹਾਬਾਦ ਦੀ ਤੰਮੰਨਾ ਨੇ 5.96 ਮੀਟਰ ਦੀ ਦੂਰੀ ਨਾਲ ਕਾਂਸੀ ਦਾ ਤਮਗਾ ਜਿੱਤਿਆ।
