ਮੁੰਬਈ: ਬਾਲੀਵੁੱਡ ਦੀ ਪ੍ਰਸਿੱਧ ਫਿਲਮ ‘ਹੇਰਾ ਫੇਰੀ’ ਦੇ ਕਾਪੀਰਾਈਟ ਅਤੇ ਰੀਮੇਕ ਅਧਿਕਾਰਾਂ ਨੂੰ ਲੈ ਕੇ ਇੱਕ ਵੱਡਾ ਵਿਵਾਦ ਸਾਹਮਣੇ ਆਇਆ ਹੈ। ਫਿਲਮ ਨਿਰਮਾਤਾ ਫਿਰੋਜ਼ ਨਾਡਿਆਡਵਾਲਾ ਨੇ ਮੁੰਬਈ ਦੇ ਅੰਬੋਲੀ ਪੁਲਿਸ ਸਟੇਸ਼ਨ ਵਿੱਚ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਨਾਲ ਫਿਲਮ ਇੰਡਸਟਰੀ ਵਿੱਚ ਚਰਚਾ ਦਾ ਮਾਹੌਲ ਬਣ ਗਿਆ ਹੈ।
ਇਹ ਮਾਮਲਾ 1989 ਦੀ ਮਲਿਆਲਮ ਫਿਲਮ ਰਾਮਜੀ ਰਾਓ ਨਾਲ ਜੁੜਿਆ ਹੋਇਆ ਹੈ, ਜਿਸ ‘ਤੇ ‘ਹੇਰਾ ਫੇਰੀ’ ਅਧਾਰਤ ਸੀ। ਨਾਡਿਆਡਵਾਲਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੇ ਸਾਲ 2000 ਵਿੱਚ ਸੁਰੇਸ਼ ਕੁਮਾਰ ਸਿੰਘਲ ਤੋਂ ਕੁਝ ਰੀਮੇਕ ਅਧਿਕਾਰ ਕਾਨੂੰਨੀ ਤੌਰ ‘ਤੇ ਖਰੀਦੇ ਸਨ। ਇਸ ਸੌਦੇ ਲਈ ਉਨ੍ਹਾਂ ਨੇ ਲਗਭਗ ਰੁ.4.5 ਲੱਖ ਦੀ ਰਕਮ ਅਦਾ ਕੀਤੀ ਸੀ।
ਸ਼ਿਕਾਇਤ ਅਨੁਸਾਰ, ਫਿਲਮ ਦੀ ਰਿਲੀਜ਼ ਤੋਂ ਸਿਰਫ਼ ਸੱਤ ਦਿਨ ਪਹਿਲਾਂ ਕੁਝ ਵਿਅਕਤੀਆਂ ਨੇ ਉਨ੍ਹਾਂ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਹ ਲੋਕ ਗੈਰਕਾਨੂੰਨੀ ਤਰੀਕੇ ਨਾਲ ਪੈਸੇ ਦੀ ਮੰਗ ਕਰ ਰਹੇ ਸਨ ਅਤੇ ਫਿਲਮ ਦੀ ਰਿਲੀਜ਼ ਨੂੰ ਰੋਕਣ ਦੀ ਧਮਕੀ ਦੇ ਰਹੇ ਸਨ। ਨਾਡਿਆਡਵਾਲਾ ਨੇ ਕਿਹਾ ਕਿ ਉਸ ਸਮੇਂ ਉਹਨਾਂ ਨੇ ਫਿਲਮ ਵਿੱਚ ਵੱਡਾ ਨਿਵੇਸ਼ ਕੀਤਾ ਹੋਇਆ ਸੀ, ਜਿਸ ਕਾਰਨ ਉਹਨਾਂ ਨੂੰ ਵਿੱਤੀ ਨੁਕਸਾਨ ਦਾ ਡਰ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਇੱਕ ਅਦਾਲਤ ਵੱਲੋਂ ਪਹਿਲਾਂ ਹੀ ਉਨ੍ਹਾਂ ਦੇ ਹੱਕ ਵਿੱਚ ਸਟੇਅ ਆਰਡਰ ਜਾਰੀ ਕੀਤਾ ਗਿਆ ਸੀ, ਫਿਰ ਵੀ ਉਨ੍ਹਾਂ ਨੂੰ ਮਜ਼ਬੂਰੀ ਵਿੱਚ ਪੈਸੇ ਦੇਣੇ ਪਏ। ਇਸ ਘਟਨਾ ਨੂੰ ਉਨ੍ਹਾਂ ਨੇ ਸਾਫ਼ ਤੌਰ ‘ਤੇ ਧੋਖਾਧੜੀ ਅਤੇ ਜ਼ਬਰਦਸਤੀ ਵਸੂਲੀ ਕਰਾਰ ਦਿੱਤਾ ਹੈ।
ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਪੱਖਾਂ ਨੂੰ ਸੁਣ ਕੇ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ ਅਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
