ਚੰਡੀਗੜ੍ਹ : ਪੰਜਾਬ ਵਿੱਚ ਅੱਜ ਸਵੇਰੇ ਤੋਂ ਹੀ ਪੈ ਰਹੇ ਮੀਂਹ ਤੋਂ ਮੌਸਮ ਕਾਫ਼ੀ ਬਦਲ ਗਿਆ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 24 ਘੰਟਿਆਂ ਵਿੱਚ ਭਾਰੀ ਮੀਂਹ ਦੇ ਨਾਲ ਮੌਸਮ ਪਹਿਲਾਂ ਵਰਗਾ ਹੀ ਰਹੇਗਾ। ਵਿਭਾਗ ਅਨੁਸਾਰ ਅੱਜ ਹਿਮਾਚਲ ਨਾਲ ਲੱਗਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਇਸ ਲਈ ਇਨ੍ਹਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।
ਮੌਸਮ ਵਿਭਾਗ ਅਨੁਸਾਰ 26 ਅਤੇ 27 ਅਗਸਤ ਨੂੰ ਵੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰੀ ਮੀਂਹ ਕਾਰਨ ਪੰਜਾਬ ਵਿੱਚ ਸਥਿਤੀ ਹੋਰ ਵੀ ਵਿਗੜ ਸਕਦੀ ਹੈ ਕਿਉਂਕਿ ਡੈਮਾਂ ਅਤੇ ਨਦੀਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਮੀਂਹ ਕਾਰਨ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਚੱਕੀ ਦਰਿਆ ਦੇ ਤੇਜ਼ ਵਹਾਅ ਕਾਰਨ ਪੁਲ ਹੇਠੋਂ ਮਿੱਟੀ ਲਗਾਤਾਰ ਖਿਸਕ ਰਹੀ ਹੈ। ਕੁਝ ਦਿਨ ਪਹਿਲਾਂ ਵੀ ਪਾਣੀ ਵਧਣ ਕਾਰਨ ਸੁਰੱਖਿਆ ਦੀਵਾਰ ਦਾ ਇੱਕ ਹਿੱਸਾ ਟੁੱਟ ਗਿਆ ਸੀ। ਇਸ ਸਮੇਂ ਪੁਲ ‘ਤੇ ਤਾਇਨਾਤ ਰੇਲਵੇ ਵਿਭਾਗ ਦੇ ਅਧਿਕਾਰੀ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਮਿੱਟੀ ਖਿਸਕਣ ਕਾਰਨ ਪੁਲ ਤੋਂ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਇਸ ਦੇ ਮੱਦੇਨਜ਼ਰ ਪਠਾਨਕੋਟ ਪ੍ਰਸ਼ਾਸਨ ਨੇ ਚੱਕੀ ਦਰਿਆ ‘ਤੇ ਬਣੇ ਨਵੇਂ ਪੁਲ ਨੂੰ ਬੰਦ ਕਰ ਦਿੱਤਾ ਹੈ, ਜਿਸ ਕਾਰਨ ਪਠਾਨਕੋਟ ਤੋਂ ਜਲੰਧਰ ਜਾਣ ਵਾਲੀ ਸੜਕ ਬੰਦ ਹੈ। ਜੇਕਰ ਕੋਈ ਜਲੰਧਰ ਜਾਣਾ ਚਾਹੁੰਦਾ ਹੈ ਤਾਂ ਉਸਨੂੰ ਗੁਰਦਾਸਪੁਰ ਸੜਕ ਰਾਹੀਂ ਜਾਣਾ ਪਵੇਗਾ।
