ਲੁਧਿਆਣਾ: ਮੀਂਹ (Rain) ਕਾਰਨ ਜਿੱਥੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲ ਰਹੀ ਹੈ, ਉੱਥੇ ਹੀ ਕਈ ਥਾਵਾਂ ‘ਤੇ ਇਸ ਕਾਰਨ ਤਬਾਹੀ ਵੀ ਹੋਈ ਹੈ। ਕਈ ਥਾਵਾਂ ’ਤੇ ਦੀਵਾਰਾਂ, ਦਰੱਖਤ ਆਦਿ ਡਿੱਗਣ ਦੀਆਂ ਖ਼ਬਰਾਂ ਹਨ ਅਤੇ ਕਈ ਥਾਵਾਂ ’ਤੇ ਬਰਸਾਤੀ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਾਰਨ ਪਾਣੀ ਖੜ ਜਾਂਦਾ ਹੈ ਅਤੇ ਸੜਕਾਂ ਛੱਪੜਾਂ ਦਾ ਰੂਪ ਧਾਰਨ ਕਰ ਜਾਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਲੁਧਿਆਣਾ ਦੇ ਨਿਊ ਮਾਧੋਪੁਰੀ ਦਾ ਪੁਰਾਣਾ ਨਾਲਾ ਜ਼ਿਆਦਾ ਬਰਸਾਤ ਦੇ ਪਾਣੀ ਕਾਰਨ ਓਵਰਫਲੋ ਹੋ ਗਿਆ, ਜਿਸ ਕਾਰਨ ਆਸ-ਪਾਸ ਦੇ ਇਲਾਕਿਆਂ ‘ਚ ਪਾਣੀ ਭਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਮੁਤਾਬਕ ਵਿਧਾਇਕ ਅਸ਼ੋਕ ਪਰਾਸ਼ਰ ਮੌਕੇ ‘ਤੇ ਪਹੁੰਚ ਗਏ ਹਨ। ਉਹ ਮੌਕੇ ਦਾ ਜਾਇਜ਼ਾ ਲੈ ਰਹੇ ਹਨ। ਤਸਵੀਰਾਂ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਭਾਰੀ ਮੀਂਹ ਕਾਰਨ ਬੁੱਢਾ ਨਾਲਾ ਓਵਰਫਲੋ ਹੋ ਗਿਆ ਹੈ।