ਕੁਰੂਕਸ਼ੇਤਰ: ਜ਼ਿਲ੍ਹੇ ਦੇ ਸ਼ਾਹਬਾਦ ਸਥਿਤ ਮੀਰੀ-ਪੀਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਸੈਂਟਰ ਦੇ ਪ੍ਰਬੰਧਨ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਦੇ ਵਿਚਕਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚ.ਐੱਸ.ਜੀ.ਐੱਮ.ਸੀ.) ਨੇ ਅੱਜ ਸੰਸਥਾ ਦਾ ਪ੍ਰਬੰਧ ਆਪਣੇ ਹੱਥਾਂ ‘ਚ ਲੈ ਲਿਆ। ਇਸ ਨੂੰ ਹਰਿਆਣਾ ਲਈ ਇਤਿਹਾਸਕ ਦਿਨ ਦੱਸਦਿਆਂ ਕਮੇਟੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਹੁਣ ਹਰਿਆਣਾ ਕਮੇਟੀ ਸੰਸਥਾ ਨੂੰ ਚਲਾਏਗੀ ਅਤੇ ਮੁਲਾਜ਼ਮਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਜਗਦੀਸ਼ ਸਿੰਘ ਝੀਂਡਾ ਨੇ ਦੱਸਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਦੇ ਯਤਨਾਂ ਸਦਕਾ ਅੱਜ ਮੀਰੀ-ਪੀਰੀ ਮੈਡੀਕਲ ਕਾਲਜ ਅਤੇ ਇੰਸਟੀਚਿਊਟ ਦਾ ਪ੍ਰਬੰਧ ਸੰਭਾਲ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਡਾਕਟਰਾਂ, ਕਰਮਚਾਰੀਆਂ ਅਤੇ ਹੋਰ ਸਟਾਫ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਐਚ.ਐਸ.ਜੀ.ਐਮ.ਸੀ. ਦੀ ਹੋਵੇਗੀ ਅਤੇ ਸੰਸਥਾ ਦਾ ਸੰਚਾਲਨ ਪਹਿਲਾਂ ਵਾਂਗ ਹੀ ਜਾਰੀ ਰਹੇਗਾ।
ਉਨ੍ਹਾਂ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਕਿ ਇੱਕ ਮਹੀਨੇ ਦੀ ਬਕਾਇਆ ਤਨਖ਼ਾਹ ਜੋ ਕਿ ਕਰੀਬ 1 ਕਰੋੜ 37 ਲੱਖ ਰੁਪਏ ਬਣਦੀ ਹੈ, ਭਲਕੇ ਜਾਰੀ ਕਰ ਦਿੱਤੀ ਜਾਵੇਗੀ। ਬਾਕੀ ਦੋ ਮਹੀਨਿਆਂ ਦੀ ਤਨਖਾਹ ਦੇਣ ਦੀ ਪ੍ਰਕਿ ਰਿਆ ਵੀ ਜਲਦੀ ਸ਼ੁਰੂ ਕਰ ਦਿੱਤੀ ਗਈ ਹੈ। ਝੀਂਡਾ ਨੇ ਕਿਹਾ ਕਿ ਹੁਣ ਤੋਂ ਮੁਲਾਜ਼ਮਾਂ ਨੂੰ ਤਨਖ਼ਾਹ ਲੈਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਅਤੇ ਭਵਿੱਖ ਵਿੱਚ ਸਾਰੀਆਂ ਤਨਖ਼ਾਹਾਂ ਹਰਿਆਣਾ ਕਮੇਟੀ ਵੱਲੋਂ ਸਮੇਂ ਸਿਰ ਦਿੱਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਸੰਸਥਾ ਵਿੱਚ ਕੰਮ ਕਰਦੇ ਡਾਕਟਰ ਅਤੇ ਸਟਾਫ ਬਿਨਾਂ ਕਿਸੇ ਚਿੰਤਾ ਦੇ ਆਪਣਾ ਕੰਮ ਜਾਰੀ ਰੱਖਣ। ਕਿਸੇ ਵੀ ਕਰਮਚਾਰੀ ਨਾਲ ਵਿਤਕਰਾ ਨਹੀਂ ਕੀਤਾ ਜਾਵੇਗਾ ਅਤੇ ਸਾਰਿਆਂ ਦੇ ਹਿੱਤਾਂ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਸ਼੍ਰੋਮਣੀ ਕਮੇਟੀ ਨੂੰ ਆੜੇ ਹੱਥੀਂ ਲੈਂਦਿਆਂ ਝੀਂਡਾ ਨੇ ਕਿਹਾ ਕਿ ਹਰਿਆਣਾ ਕਮੇਟੀ ਨੂੰ 72 ਘੰਟੇ ਦਾ ਸਮਾਂ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਪ੍ਰਬੰਧ ਨਹੀਂ ਸੌਂਪੇ ਗਏ। ਉਨ੍ਹਾਂ ਕਿਹਾ ਕਿ ਕੁਝ ਲੋਕ ਇਹ ਪ੍ਰਚਾਰ ਕਰ ਰਹੇ ਸਨ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰੱਥ ਨਹੀਂ ਹੈ ਪਰ ਅੱਜ ਕਮੇਟੀ ਨੇ ਸੰਸਥਾ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਕੇ ਇਸ ਦਾ ਜਵਾਬ ਦਿੱਤਾ ਹੈ।
