Home ਹਰਿਆਣਾ ਹਰਿਆਣਾ ਰੋਡਵੇਜ਼ ਨੇ ਦੀਵਾਲੀ ਤੋਂ ਪਹਿਲਾਂ ਬੱਲਭਗੜ੍ਹ ਤੋਂ ਚੰਡੀਗੜ੍ਹ ਦੇ ਰੂਟ ’ਤੇ...

ਹਰਿਆਣਾ ਰੋਡਵੇਜ਼ ਨੇ ਦੀਵਾਲੀ ਤੋਂ ਪਹਿਲਾਂ ਬੱਲਭਗੜ੍ਹ ਤੋਂ ਚੰਡੀਗੜ੍ਹ ਦੇ ਰੂਟ ’ਤੇ 19 ਬੱਸਾਂ ਕੀਤੀਆਂ ਸ਼ੁਰੂ

0

ਫਰੀਦਾਬਾਦ : ਬੱਲਭਗੜ੍ਹ ਤੋਂ ਚੰਡੀਗੜ੍ਹ ਜਾਣ ਵਾਲੇ ਯਾਤਰੀਆਂ ਦੇ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਹਰਿਆਣਾ ਰੋਡਵੇਜ਼ ਦੀਵਾਲੀ ਤੋਂ ਪਹਿਲਾਂ ਬੱਲਭਗੜ੍ਹ ਤੋਂ ਚੰਡੀਗੜ੍ਹ ਲਈ ਪਹਿਲੀ ਰਾਤ ਦੀ ਏਅਰਕੰਡੀਸ਼ਨ ਬੱਸ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ। ਲੰਮੇ ਸਮੇਂ ਤੋਂ ਯਾਤਰੀਆਂ ਦੀ ਇਸ ਮੰਗ ਨੂੰ ਦੇਖਦੇ ਹੋਏ, ਰੋਡਵੇਜ਼ ਪ੍ਰਸ਼ਾਸਨ ਨੇ ਇਸਦੀ ਤਿਆਰੀ ਪੂਰੀ ਕਰ ਲਈ ਹੈ। ਬੱਲਭਗੜ੍ਹ ਤੋਂ ਚੰਡੀਗੜ੍ਹ ਦੇ ਰੂਟ ਉੱਤੇ 19 ਬੱਸਾਂ ਚੱਲ ਰਹੀਆਂ ਹਨ। ਇਨ੍ਹਾਂ ਵਿੱਚ 10 ਏ.ਸੀ. ਅਤੇ 9 ਆਮ ਬੱਸਾਂ ਹਨ, ਪਰ ਇਨ੍ਹਾਂ ਵਿੱਚੋਂ ਕੋਈ ਵੀ ਬੱਸ ਰਾਤ ਦੇ ਸਮੇਂ ਨਹੀਂ ਸੀ ਚੱਲਦੀ। ਹੁਣ ਰੋਡਵੇਜ਼ ਨੇ ਇਹ ਘਾਟ ਪੂਰੀ ਕਰ ਦਿੱਤੀ ਹੈ।

ਨਵੀਂ ਏ.ਸੀ. ਬੱਸ ਬੱਲਭਗੜ੍ਹ ਤੋਂ ਰਾਤ 10 ਵਜੇ ਰਵਾਨਾ ਹੋਵੇਗੀ ਅਤੇ ਐਨ.ਆਈ.ਟੀ. ਰਾਹੀਂ ਦਿੱਲੀ ਆਈ.ਐਸ.ਬੀ.ਟੀ. ਪਹੁੰਚੇਗੀ। ਉੱਥੋਂ, ਇਹ ਅੱਧੀ ਰਾਤ 12 ਵਜੇ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਸੋਨੀਪਤ, ਪਾਣੀਪਤ, ਕਰਨਾਲ ਅਤੇ ਅੰਬਾਲਾ ਰਾਹੀਂ ਚੰਡੀਗੜ੍ਹ ਪਹੁੰਚੇਗੀ। ਅਧਿਕਾਰੀਆਂ ਦਾ ਦਾਅਵਾ ਹੈ ਕਿ ਬੱਸ ਸਵੇਰੇ ਸਰਕਾਰੀ ਦਫ਼ਤਰਾਂ ਅਤੇ ਅਦਾਲਤਾਂ ਖੁੱਲ੍ਹਣ ਤੋਂ ਪਹਿਲਾਂ ਚੰਡੀਗੜ੍ਹ ਪਹੁੰਚ ਜਾਵੇਗੀ।

ਲੋਕਾਂ ਨੂੰ ਹੁੰਦੀ ਸੀ ਅਸੁਵਿਧਾਵਾਂ

ਫਰੀਦਾਬਾਦ ਜ਼ਿਲ੍ਹੇ ਵਿੱਚ ਕਈ ਸਾਰੇ ਸਰਕਾਰੀ ਦਫ਼ਤਰ ਹਨ, ਜਿਨ੍ਹਾਂ ਦਾ ਮੁੱਖ ਦਫਤਰ ਚੰਡੀਗੜ੍ਹ ਵਿੱਚ ਹੈ। ਅਜਿਹੇ ਵਿੱਚ ਸਰਕਾਰੀ ਅਧਿਕਾਰੀ, ਵਕੀਲ ਅਤੇ ਕਰਮਚਾਰੀ ਰੋਜ਼ਾਨਾ ਚੰਡੀਗੜ੍ਹ ਯਾਤਰਾ ਕਰਦੇ ਹਨ। ਅੱਜ ਤੱਕ ਆਖ਼ਰੀ ਬੱਸ ਰਾਤ 8 ਵਜੇ ਚੱਲਦੀ ਸੀ ਅਤੇ ਪਹਿਲੀ ਬੱਸ ਸਵੇਰੇ 3:20 ਵਜੇ। ਇਸ ਨਾਲ ਲੋਕਾਂ ਨੂੰ ਸਮੇਂ ਦੀ ਕਾਫ਼ੀ ਦਿੱਕਤ ਹੁੰਦੀ ਸੀ। ਨਵੀਂ ਰਾਤਰੀ ਬੱਸ ਸੇਵਾ ਸ਼ੁਰੂ ਹੋਣ ਨਾਲ ਰੋਜ਼ਾਨਾ ਯਾਤਰੀਆਂ, ਸਰਕਾਰੀ ਮੁਲਾਜ਼ਮਾਂ ਅਤੇ ਵਕੀਲਾਂ ਨੂੰ ਵੱਡੀ ਸਹੂਲਤ ਮਿਲੇਗੀ।

ਕਿਰਾਏ ਅਤੇ ਸਹੂਲਤ

ਏ.ਸੀ. ਬੱਸ ਦਾ ਕਿਰਾਇਆ ਬੱਲਭਗੜ੍ਹ ਤੋਂ ਚੰਡੀਗੜ੍ਹ ਤੱਕ ₹490 ਹੋਵੇਗਾ ਜਦਕਿ ਆਮ ਬੱਸ ਦਾ ਕਿਰਾਇਆ 340 ਰੁਪਏ ਰਹੇਗਾ। ਰੋਡਵੇਜ਼ ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਬੱਸ ਬੀਐੱਸ-6 ਮਾਡਲ ਦੀ ਹੋਵੇਗੀ, ਜਿਸਦੀ ਲੰਬਾਈ 12 ਮੀਟਰ ਹੈ ਅਤੇ ਇਸ ਵਿੱਚ 54 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੈ। ਇਹ ਬੱਸ ਹੀਟਿੰਗ, ਵੈਂਟੀਲੇਸ਼ਨ ਅਤੇ ਏਅਰ ਕੰਡੀਸ਼ਨਿੰਗ ਸਿਸਟਮ ਨਾਲ ਲੈਸ ਹੋਵੇਗੀ ਤਾਂ ਜੋ ਸਰਦੀ ਜਾਂ ਗਰਮੀ ਦੇ ਮੌਸਮ ਵਿੱਚ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਸੀਟਾਂ ਵੀ ਬਹੁਤ ਆਰਾਮਦਾਇਕ ਰੱਖੀਆਂ ਗਈਆਂ ਹਨ।

ਯਾਤਰੀਆਂ ਨੇ ਪ੍ਰਗਟ ਕੀਤੀ ਖੁਸ਼ੀ

ਬੱਲਭਗੜ੍ਹ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਵਿਕਾਸ ਦਲਾਲ ਨੇ ਕਿਹਾ ਕਿ ਰਾਤ ਦੀ ਸੇਵਾ ਸ਼ੁਰੂ ਹੋਣ ਨਾਲ ਹਾਈ ਕੋਰਟ ਸਮੇਂ ਸਿਰ ਪਹੁੰਚਣਾ ਸੌਖਾ ਹੋਵੇਗਾ ਅਤੇ ਸਫ਼ਰ ਕਾਫ਼ੀ ਆਰਾਮਦਾਇਕ ਰਹੇਗਾ। ਯਾਤਰੀ ਲਲਿਤ ਕੁਮਾਰ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਅਗਲੀ ਸਵੇਰ ਦੀ ਪਹਿਲੀ ਬੱਸ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਇਸ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਬਹੁਤ ਰਾਹਤ ਮਿਲੇਗੀ। ਹਰਿਆਣਾ ਰੋਡਵੇਜ਼ ਫਰੀਦਾਬਾਦ ਦੇ ਟਰੈਫਿਕ ਮੈਨੇਜਰ ਨਵਨੀਤ ਬਜਾਜ ਨੇ ਦੱਸਿਆ ਕਿ ਚੰਡੀਗੜ੍ਹ ਲਈ ਦੀਵਾਲੀ ਤੋਂ ਪਹਿਲਾਂ ਇੱਕ ਏਅਰਕੰਡੀਸ਼ਨ ਬੱਸ ਚੱਲਣੀ ਸ਼ੁਰੂ ਹੋ ਜਾਵੇਗੀ। ਇਹ ਬੱਸ ਬੱਲਭਗੜ੍ਹ ਤੋਂ ਰਾਤ 10 ਵਜੇ ਰਵਾਨਾ ਹੋਵੇਗੀ। ਇਸ ਬੱਸ ਨੂੰ ਚਲਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

NO COMMENTS

LEAVE A REPLY

Please enter your comment!
Please enter your name here

Exit mobile version