ਚੰਡੀਗੜ੍ਹ : ਹਰਿਆਣਾ ਦੀ ਨਾਇਬ ਸੈਣੀ ਸਰਕਾਰ ਸੂਬੇ ਵਿੱਚ ਸਿਹਤ ਸੇਵਾਵਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਯਤਨ ਕਰ ਰਹੀ ਹੈ। ਇਸੇ ਲੜੀ ਵਿੱਚ ਸੂਬੇ ਦੇ 6 ਜ਼ਿਲ੍ਹਿਆਂ ਦੇ ਸਿਵਲ ਹਸਪਤਾਲਾਂ ਵਿੱਚ ਬਹੁਤ ਜਲਦੀ ਅਲਟਰਾਸਾਊਂਡ ਜਾਂਚ ਦੀ ਸਹੂਲਤ ਸ਼ੁਰੂ ਕੀਤੀ ਜਾਵੇਗੀ। ਸਿਹਤ ਮੰਤਰੀ ਆਰਤੀ ਰਾਓ ਨੇ ਕਿਹਾ ਕਿ ਸਾਡੀ ਸਰਕਾਰ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਰਾਜ ਦੇ ਕਿਸੇ ਵੀ ਸਰਕਾਰੀ ਹਸਪਤਾਲ ਜਾਂ ਸਿਹਤ ਸੰਸਥਾ ਵਿੱਚ ਡਾਕਟਰੀ ਉਪਕਰਨਾਂ ਅਤੇ ਮਸ਼ੀਨਾਂ ਦੀ ਕੋਈ ਘਾਟ ਨਾ ਰਹੇ।
ਇਨ੍ਹਾਂ ਜ਼ਿਲ੍ਹਿਆਂ ਵਿੱਚ ਮਿਲੇਗੀ ਸਹੂਲਤ
ਸਿਹਤ ਮੰਤਰੀ ਆਰਤੀ ਰਾਓ ਨੇ ਦੱਸਿਆ ਕਿ 6 ਜ਼ਿਲ੍ਹਿਆਂ ਪੰਚਕੂਲਾ, ਪਾਣੀਪਤ, ਸੋਨੀਪਤ, ਮਹਿੰਦਰਗੜ੍ਹ, ਰੇਵਾੜੀ ਅਤੇ ਗੁਰੂਗ੍ਰਾਮ ਦੇ ਸਿਵਲ ਹਸਪਤਾਲਾਂ ਵਿੱਚ ਨਵੀਆਂ ਅਲਟਰਾਸਾਊਂਡ ਮਸ਼ੀਨਾਂ ਭੇਜੀਆਂ ਗਈਆਂ ਹਨ। ਇਨ੍ਹਾਂ ਮਸ਼ੀਨਾਂ ਦੀ ਇੰਸਟਾਲੇਸ਼ਨ ਦਾ ਕੰਮ ਪੂਰਾ ਹੋਣ ਤੋਂ ਬਾਅਦ ਮਰੀਜ਼ਾਂ ਨੂੰ ਅਲਟਰਾਸਾਊਂਡ ਜਾਂਚ ਦੀ ਸਹੂਲਤ ਮਿਲੇਗੀ। ਸਰਕਾਰੀ ਹਸਪਤਾਲਾਂ ਵਿੱਚ ਇਹ ਸਹੂਲਤ ਮਿਲਣ ‘ਤੇ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਵੱਲ ਭੱਜ-ਦੌੜ ਕਰਨ ਦੀ ਲੋੜ ਨਹੀਂ ਪਵੇਗੀ। ਇਸ ਨਾਲ ਉਨ੍ਹਾਂ ਦਾ ਖਰਚ ਬਚੇਗਾ।
ਦੂਸਰੇ ਜ਼ਿਲ੍ਹਿਆਂ ’ਚ ਵੀ ਮਿਲੇਗੀ ਸੁਵਿਧਾ
ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਨੂੰ ਸਸਤੀ ਅਤੇ ਸੌਖੀ ਚਿਕਿਤਸਾ ਸਹੂਲਤ ਮੁਹੱਈਆ ਕਰਾਉਣ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ ਅਤੇ ਬਹੁਤ ਜਲਦੀ ਹੀ ਹੋਰ ਜ਼ਿਲ੍ਹਿਆਂ ਦੇ ਹਸਪਤਾਲਾਂ ਵਿੱਚ ਵੀ ਨਵੀਆਂ ਮਸ਼ੀਨਾਂ ਭੇਜੀਆਂ ਜਾਣਗੀਆਂ, ਤਾਂ ਜੋ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਦੇ ਲੋਕਾਂ ਨੂੰ ਇੱਕ ਸਮਾਨ ਪੱਧਰ ਦੀਆਂ ਚਿਕਿਤਸਾ ਸਹੂਲਤਾਂ ਦਾ ਲਾਭ ਮਿਲ ਸਕੇ।
ਆਰਤੀ ਰਾਓ ਨੇ ਦੱਸਿਆ ਕਿ ਹਾਲ ਹੀ ਵਿੱਚ ਹਰਿਆਣਾ ਮੈਡੀਕਲ ਸਰਵਿਸਿਜ਼ ਕਾਰਪੋਰੇਸ਼ਨ ਲਿਮਟਿਡ ਰਾਹੀਂ ਕਈ ਜ਼ਰੂਰੀ ਦਵਾਈਆਂ, ਮੈਡੀਕਲ ਉਪਕਰਨਾਂ ਅਤੇ ਮਸ਼ੀਨਾਂ ਦੀ ਖਰੀਦ ਲਈ ਰੇਟ ਤੈਅ ਕੀਤਾ ਗਿਆ ਹੈ। ਹੁਣ ਉਨ੍ਹਾਂ ਦੇ ਤਹਿਤ ਸੂਬੇ ਦੇ ਵੱਖ-ਵੱਖ ਮੈਡੀਕਲ ਅਦਾਰਿਆਂ ਵਿੱਚ ਉਪਕਰਨਾਂ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ। ਹਰ ਵਿਅਕਤੀ ਨੂੰ ਵਧੀਆ, ਸਸਤੀ ਅਤੇ ਆਸਾਨੀ ਨਾਲ ਮਿਲਣਯੋਗ ਮੈਡੀਕਲ ਸਹੂਲਤ ਦਾ ਫਾਇਦਾ ਮਿਲੇ, ਇਸ ਲਈ ਸਿਹਤ ਵਿਭਾਗ ਦੇ ਸਾਰੇ ਪੱਧਰਾਂ ‘ਤੇ ਜ਼ਰੂਰੀ ਸਰੋਤਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਸਿਵਲ ਹਸਪਤਾਲਾਂ ਵਿੱਚ ਆਧੁਨਿਕ ਮਸ਼ੀਨਾਂ ਆਉਣ ਨਾਲ ਜਾਂਚ ਪ੍ਰਕਿਰਿਆ ਤੇਜ਼ ਅਤੇ ਸਹੀ ਹੋਵੇਗੀ, ਜਿਸ ਨਾਲ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮਿਲਣਾ ਆਸਾਨ ਹੋ ਜਾਵੇਗਾ।
