Home ਖੇਡਾਂ ਹਰਮਨਪ੍ਰੀਤ ਕੌਰ ਦਾ ਵੱਡਾ ਫੈਸਲਾ, ਤਿੰਨੋਂ ਫਾਰਮੈਟਾਂ ਦੀ ਕਪਤਾਨੀ ਤੋਂ ਦਿੱਤਾ ਅਸਤੀਫ਼ਾ

ਹਰਮਨਪ੍ਰੀਤ ਕੌਰ ਦਾ ਵੱਡਾ ਫੈਸਲਾ, ਤਿੰਨੋਂ ਫਾਰਮੈਟਾਂ ਦੀ ਕਪਤਾਨੀ ਤੋਂ ਦਿੱਤਾ ਅਸਤੀਫ਼ਾ

0

ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਵਿਸ਼ਵ ਕੱਪ ਜੇਤੂ ਕਪਤਾਨ ਹਰਮਨਪ੍ਰੀਤ ਕੌਰ ਨੇ ਟੀਮ ਦੀ ਕਪਤਾਨੀ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਤਿੰਨੋਂ ਫਾਰਮੈਟਾਂ ਵਿੱਚ ਭਾਰਤੀ ਮਹਿਲਾ ਟੀਮ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ। ਹਰਮਨਪ੍ਰੀਤ ਨੇ ਸੋਸ਼ਲ ਮੀਡੀਆ ’ਤੇ ਇੱਕ ਭਾਵੁਕ ਸੰਦੇਸ਼ ਰਾਹੀਂ ਇਸ ਫੈਸਲੇ ਦੀ ਜਾਣਕਾਰੀ ਦਿੱਤੀ।

ਹਰਮਨਪ੍ਰੀਤ ਮੁਤਾਬਕ ਕਪਤਾਨੀ ਛੱਡਣਾ ਉਨ੍ਹਾਂ ਲਈ ਸੌਖਾ ਫੈਸਲਾ ਨਹੀਂ ਸੀ। ਲੰਬੇ ਸਮੇਂ ਤੱਕ ਟੀਮ ਦੀ ਅਗਵਾਈ ਕਰਨ ਦੌਰਾਨ ਮਿਲੀਆਂ ਯਾਦਾਂ ਅਤੇ ਤਜਰਬਿਆਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਉਹ ਆਪਣਾ ਧਿਆਨ ਇੱਕ ਖਿਡਾਰੀ ਵਜੋਂ ਅੱਗੇ ਵਧਣ ’ਤੇ ਕੇਂਦਰਿਤ ਕਰਨਾ ਚਾਹੁੰਦੀ ਹੈ।

ਤਿੰਨੋਂ ਫਾਰਮੈਟਾਂ ’ਚ ਕੀਤੀ ਟੀਮ ਦੀ ਅਗਵਾਈ

37 ਸਾਲਾ ਹਰਮਨਪ੍ਰੀਤ ਕੌਰ ਨੇ ਭਾਰਤ ਲਈ 5 ਟੈਸਟ, 51 ਵਨਡੇ ਅਤੇ 155 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਕਪਤਾਨੀ ਕੀਤੀ ਹੈ। ਉਨ੍ਹਾਂ ਦੀ ਕਪਤਾਨੀ ਦੇ ਸਫ਼ਰ ਵਿੱਚ ਕਈ ਮਹੱਤਵਪੂਰਨ ਮੌਕੇ ਰਹੇ ਹਨ। ਉਨ੍ਹਾਂ ਦਾ ਕਪਤਾਨ ਵਜੋਂ ਆਖਰੀ ਕਾਰਜ ਪਿਛਲੇ ਮਹੀਨੇ ਨਿਸ਼ਿਨ ਵਿੱਚ ਹੋਇਆ, ਜਿੱਥੇ ਉਨ੍ਹਾਂ ਨੇ ਭਾਰਤੀ ਟੀਮ ਨੂੰ ਲਗਾਤਾਰ ਦੂਜੀ ਵਾਰ ਏਸ਼ੀਆਈ ਖੇਡਾਂ ਦਾ ਸੋਨ ਤਮਗਾ ਜਿਤਾਉਣ ਵਿੱਚ ਅਗਵਾਈ ਕੀਤੀ।

BCCI ਅਧਿਕਾਰੀਆਂ ਨਾਲ ਹੋਈ ਸੀ ਅਹਿਮ ਮੀਟਿੰਗ

ਹਰਮਨਪ੍ਰੀਤ ਦਾ ਇਹ ਫੈਸਲਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਉਨ੍ਹਾਂ ਨੇ ਭਾਰਤੀ ਟੀਮ ਦੀ ਉਪ-ਕਪਤਾਨ ਸਮ੍ਰਿਤੀ ਮੰਧਾਨਾ ਅਤੇ ਮੁੱਖ ਕੋਚ ਅਮੋਲ ਮਜ਼ੂਮਦਾਰ ਦੇ ਨਾਲ ਗੁਹਾਟੀ ਵਿੱਚ BCCI ਸਕੱਤਰ ਦੇਵਜੀਤ ਸੈਕੀਆ ਨਾਲ ਮੁਲਾਕਾਤ ਕੀਤੀ ਸੀ। ਇਸ ਬੈਠਕ ਦੌਰਾਨ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਭਵਿੱਖ ਨਾਲ ਜੁੜੇ ਰੋਡਮੈਪ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਕਪਤਾਨੀ ਦੌਰਾਨ ਆਲੋਚਨਾ ਦਾ ਵੀ ਕੀਤਾ ਜ਼ਿਕਰ

ਹਰਮਨਪ੍ਰੀਤ ਨੇ ਆਪਣੇ ਸੰਦੇਸ਼ ਵਿੱਚ ਕਪਤਾਨੀ ਦੌਰਾਨ ਆਉਣ ਵਾਲੀਆਂ ਚੁਣੌਤੀਆਂ ਅਤੇ ਆਲੋਚਨਾਵਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕਈ ਵਾਰ ਟੀਮ ਦੇ ਹਿੱਤ ਵਿੱਚ ਅਜਿਹੇ ਫੈਸਲੇ ਲੈਣੇ ਪਏ ਜਿਨ੍ਹਾਂ ਨੂੰ ਹਰ ਕੋਈ ਤੁਰੰਤ ਸਮਝ ਨਹੀਂ ਸਕਿਆ। ਉਨ੍ਹਾਂ ਦਾ ਮਕਸਦ ਹਮੇਸ਼ਾ ਟੀਮ ਨੂੰ ਮਜ਼ਬੂਤ ਕਰਨਾ ਅਤੇ ਨਵੀਆਂ ਖਿਡਾਰਨਾਂ ਨੂੰ ਆਪਣੀ ਕਾਬਲੀਅਤ ਦਿਖਾਉਣ ਦੇ ਮੌਕੇ ਦੇਣਾ ਰਿਹਾ।

ਉਨ੍ਹਾਂ ਆਪਣੇ ਸਫ਼ਰ ਨੂੰ ਯਾਦ ਕਰਦਿਆਂ ਕਿਹਾ ਕਿ ਟੀਮ ਦੀ ਅਗਵਾਈ ਦੌਰਾਨ ਉਨ੍ਹਾਂ ਨੇ ਮੁਸ਼ਕਲ ਦੌਰ, ਨਿਰਾਸ਼ਾ ਅਤੇ ਆਲੋਚਨਾ ਦਾ ਸਾਹਮਣਾ ਕੀਤਾ, ਪਰ ਇਸ ਦੇ ਨਾਲ ਹੀ ਜਿੱਤਾਂ, ਜਸ਼ਨਾਂ ਅਤੇ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਮਾਣਮੱਤੇ ਪਲ ਵੀ ਉਨ੍ਹਾਂ ਦੇ ਹਿੱਸੇ ਆਏ।

ਕਪਤਾਨੀ ਛੱਡਣ ਤੋਂ ਬਾਅਦ ਵੀ ਟੀਮ ਨਾਲ ਰਹੇਗਾ ਸਫ਼ਰ

ਹਰਮਨਪ੍ਰੀਤ ਕੌਰ ਨੇ ਕਿਹਾ ਕਿ ਕਪਤਾਨੀ ਦੀ ਜ਼ਿੰਮੇਵਾਰੀ ਤੋਂ ਹਟਣ ਦਾ ਫੈਸਲਾ ਭਾਵੁਕ ਜ਼ਰੂਰ ਹੈ, ਪਰ ਉਨ੍ਹਾਂ ਦੇ ਮਨ ਵਿੱਚ ਇਸ ਨੂੰ ਲੈ ਕੇ ਸ਼ਾਂਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਕੋਲ ਪ੍ਰਤਿਭਾਸ਼ਾਲੀ ਖਿਡਾਰਨਾਂ, ਮਜ਼ਬੂਤ ਕਿਰਦਾਰ ਅਤੇ ਅੱਗੇ ਵਧਣ ਲਈ ਚੰਗੀ ਨੀਂਹ ਮੌਜੂਦ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਟੀਮ ਨੂੰ ਆਪਣਾ ਪੂਰਾ ਸਮਾਂ ਅਤੇ ਸਮਰਪਣ ਦਿੱਤਾ ਹੈ ਅਤੇ ਭਾਰਤੀ ਮਹਿਲਾ ਕ੍ਰਿਕਟ ਦੀ ਅਗਵਾਈ ਕਰਨ ਦਾ ਮੌਕਾ ਉਨ੍ਹਾਂ ਲਈ ਹਮੇਸ਼ਾ ਮਾਣ ਵਾਲੀ ਗੱਲ ਰਹੇਗਾ। ਹੁਣ ਉਹ ਇੱਕ ਖਿਡਾਰੀ ਵਜੋਂ ਟੀਮ ਲਈ ਆਪਣਾ ਯੋਗਦਾਨ ਜਾਰੀ ਰੱਖਣ ਵੱਲ ਧਿਆਨ ਦੇਣਗੇ।

NO COMMENTS

LEAVE A REPLY

Please enter your comment!
Please enter your name here

Exit mobile version