ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਬੀਤੇ ਦਿਨ ਹਰਿਦੁਆਰ ਵਿੱਚ ਕਾਵੜ ਯਾਤਰਾ ਦੌਰਾਨ ਗੰਗਾ ਨਦੀ ਦੇ ਤੇਜ਼ ਵਹਾਅ ਵਿੱਚ ਵਹਿ ਜਾਣ ਕਾਰਨ ਮਾਰੇ ਗਏ ਚੰਡੀਗੜ੍ਹ ਦੇ ਚਾਰ ਨਾਬਾਲਗ ਬੱਚਿਆਂ ਦੇ ਦੁਖੀ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਰਾਜਪਾਲ ਅਤੇ ਪ੍ਰਸ਼ਾਸਕ ਬੀਤੀ ਸ਼ਾਮ ਦੁਖੀ ਪਰਿਵਾਰਾਂ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਗਏ ਅਤੇ ਇਸ ਦੁਖਦਾਈ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਇਸ ਔਖੀ ਘੜੀ ਵਿੱਚ ਪੂਰੀ ਸੰਜੀਦਗੀ ਨਾਲ ਉਨ੍ਹਾਂ ਦੇ ਨਾਲ ਖੜ੍ਹਾ ਹੈ।
ਇਸ ਘਟਨਾ ਨੂੰ ਬੇਹੱਦ ਦਿਲ ਦਹਿਲਾਉਣ ਵਾਲੀ ਦੱਸਦਿਆਂ ਕਟਾਰੀਆ ਨੇ ਕਿਹਾ ਕਿ ਚਾਰ ਮਾਸੂਮ ਬੱਚਿਆਂ ਦੀ ਬੇਵਕਤੀ ਮੌਤ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰਾਂ ਲਈ ਸਗੋਂ ਪੂਰੇ ਸ਼ਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬੱਚੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ ਸਨ, ਜਿਨ੍ਹਾਂ ’ਚੋਂ ਕੁਝ ਬੱਚੇ ਬਹੁਤ ਹੀ ਮੁਸ਼ਕਿਲ ਆਰਥਿਕ ਸਥਿਤੀ ’ਚ ਜੀਅ ਰਹੇ ਸਨ। ਉਨ੍ਹਾਂ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਦੁਖੀ ਪਰਿਵਾਰਾਂ ਨੂੰ ਇਹ ਅਸਹਿ ਘਾਟਾ ਸਹਿਣ ਦਾ ਬਲ ਬਖਸ਼ਣ ਦੀ ਕਾਮਨਾ ਕੀਤੀ।
ਰਾਜਪਾਲ ਦੇ ਅਖਤਿਆਰੀ ਫੰਡ ਤੋਂ ਰਾਹਤ ਰਾਸ਼ੀ ਦਾ ਐਲਾਨ ਕਰਦੇ ਹੋਏ, ਕਟਾਰੀਆ ਨੇ ਕਿਹਾ ਕਿ ਚਾਰ ਪ੍ਰਭਾਵਿਤ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿੱਤੀ ਸਹਾਇਤਾ ਨਾਲ ਬੱਚੇ ਦੇ ਹੋਏ ਨੁਕਸਾਨ ਦੀ ਭਰਪਾਈ ਸੰਭਵ ਨਹੀਂ ਹੈ ਪਰ ਇਸ ਔਖੀ ਘੜੀ ਵਿੱਚ ਪਰਿਵਾਰ ਨੂੰ ਤੁਰੰਤ ਰਾਹਤ ਦਿਵਾਉਣ ਦੇ ਉਦੇਸ਼ ਨਾਲ ਇਹ ਸਹਾਇਤਾ ਦਿੱਤੀ ਜਾ ਰਹੀ ਹੈ।
ਕਟਾਰੀਆ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਿਨਾਂ ਕਿਸੇ ਦੇਰੀ ਤੋਂ ਲੋੜੀਂਦੀ ਸਹਾਇਤਾ ਦਿੱਤੀ ਜਾਵੇ। ਰਾਜਪਾਲ ਅਤੇ ਪ੍ਰਸ਼ਾਸਕ ਨੇ ਇੱਕ ਵਾਰ ਫਿਰ ਦੁਖੀ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਚੰਡੀਗੜ੍ਹ ਪ੍ਰਸ਼ਾਸਨ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਅਤੇ ਸਹਿਯੋਗ ਦਿੱਤਾ ਜਾਵੇਗਾ।
