Home ਪੰਜਾਬ ਚਾਦਰਾਂ ਸਮੇਤ ਅੱਗ ਦੀ ਭੇਟ ਚੜ੍ਹਾਏ ਗਏ ਗੁਟਕਾ ਸਾਹਿਬ

ਚਾਦਰਾਂ ਸਮੇਤ ਅੱਗ ਦੀ ਭੇਟ ਚੜ੍ਹਾਏ ਗਏ ਗੁਟਕਾ ਸਾਹਿਬ

0

ਬਟਾਲਾ: ਬਟਾਲਾ ਜ਼ਿਲ੍ਹੇ ਦੇ ਥਾਣਾ ਘਣੀਏ ਕੇ ਬਾਂਗਰ ਅਧੀਨ ਆਉਂਦੇ ਪਿੰਡ ਪਾਰੋਵਾਲ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚਾਰ ਗੁਟਕਾ ਸਾਹਿਬ ਅੱਧ-ਸੜੀ ਹੋਈ ਹਾਲਤ ਵਿੱਚ ਮਿਲੇ ਹਨ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਆਗੂ ਭਾਈ ਨਿਸ਼ਾਨ ਸਿੰਘ ਮੌਕੇ ’ਤੇ ਪਹੁੰਚੇ।

ਭਾਈ ਨਿਸ਼ਾਨ ਸਿੰਘ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਪਾਰੋਵਾਲ ਵਿੱਚ ਗੁਟਕਾ ਸਾਹਿਬ ਅਗਨ ਭੇਟ ਹੋਈ ਹਾਲਤ ਵਿੱਚ ਪਏ ਹਨ। ਮੌਕੇ ’ਤੇ ਪਹੁੰਚਣ ’ਤੇ ਪਤਾ ਲੱਗਾ ਕਿ ਇੱਕ ਵਿਅਕਤੀ, ਜੋ ਕਿਸੇ ਦੇ ਘਰ ਵਿੱਚ ਕੇਅਰਟੇਕਰ ਵਜੋਂ ਰਹਿੰਦਾ ਸੀ, ਪਿੰਡ ਕੋਟਲੀ ਥਾਂਬਲਾਂ ਦੇ ਇੱਕ ਡੇਰੇ ਤੋਂ ਚਾਦਰਾਂ ਵਿੱਚ ਲਪੇਟ ਕੇ ਦੋ ਸੁਖਮਨੀ ਸਾਹਿਬ, ਇੱਕ ਨਿਤਨੇਮ ਅਤੇ ਇੱਕ ਦੁੱਖ ਭੰਜਨੀ ਸਾਹਿਬ ਦੇ ਗੁਟਕਾ ਸਾਹਿਬ ਲੈ ਕੇ ਆਇਆ ਸੀ।

ਦੱਸਿਆ ਜਾ ਰਿਹਾ ਹੈ ਕਿ ਘਰ ਪਹੁੰਚਣ ਤੋਂ ਬਾਅਦ ਉਕਤ ਵਿਅਕਤੀ ਨੇ ਚਾਦਰਾਂ ਨੂੰ ਅੱਗ ਲਗਾ ਦਿੱਤੀ। ਇਸ ਦੌਰਾਨ ਪਿੰਡ ਧਵਾਣ ਦਾ ਇੱਕ ਵਿਅਕਤੀ ਪਾਰੋਵਾਲ ਵਿੱਚ ਇੱਟਾਂ ਲੈਣ ਆਇਆ ਹੋਇਆ ਸੀ। ਉਸ ਨੇ ਉੱਥੇ ਅੱਧ-ਸੜੇ ਗੁਟਕਾ ਸਾਹਿਬ ਪਏ ਦੇਖੇ ਅਤੇ ਇਸ ਬਾਰੇ ਜਾਣਕਾਰੀ ਦਿੱਤੀ।

ਭਾਈ ਨਿਸ਼ਾਨ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਦੋ ਸੁਖਮਨੀ ਸਾਹਿਬ, ਇੱਕ ਦੁੱਖ ਭੰਜਨੀ ਸਾਹਿਬ ਅਤੇ ਇੱਕ ਨਿਤਨੇਮ ਦੇ ਗੁਟਕਾ ਸਾਹਿਬ ਅੱਧੇ ਤੋਂ ਵੱਧ ਸੜੀ ਹੋਈ ਹਾਲਤ ਵਿੱਚ ਮਿਲੇ ਹਨ। ਇਸ ਘਟਨਾ ਬਾਰੇ ਤੁਰੰਤ ਥਾਣਾ ਘਣੀਏ ਕੇ ਬਾਂਗਰ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਮਾਮਲੇ ਨਾਲ ਸਬੰਧਤ ਵਿਅਕਤੀਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਉੱਧਰ, ਥਾਣਾ ਘਣੀਏ ਕੇ ਬਾਂਗਰ ਦੀ ਮਹਿਲਾ ਐੱਸ.ਐੱਚ.ਓ. ਰਾਜਬੀਰ ਕੌਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਦਿਆਂ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version