Home ਪੰਜਾਬ ਭੋਗਪੁਰ ਦੇ ਬੁੱਲੋਵਾਲ ਰੋਡ ’ਤੇ ਪਲਟਿਆ ਬਜਰੀ ਨਾਲ ਭਰਿਆ ਟਰੱਕ

ਭੋਗਪੁਰ ਦੇ ਬੁੱਲੋਵਾਲ ਰੋਡ ’ਤੇ ਪਲਟਿਆ ਬਜਰੀ ਨਾਲ ਭਰਿਆ ਟਰੱਕ

0

ਭੋਗਪੁਰ: ਭੋਗਪੁਰ ਇਲਾਕੇ ਵਿੱਚ ਟਰੈਫਿਕ ਅਤੇ ਸੜਕਾਂ ਦੀ ਮਾੜੀ ਹਾਲਤ ਕਾਰਨ ਹਾਦਸਿਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਭੋਗਪੁਰ ਦੀ ਜੀ.ਟੀ. ਰੋਡ ਤੋਂ ਬਾਅਦ ਹੁਣ ਬੁੱਲੋਵਾਲ ਰੋਡ ਵੀ ਵਾਹਨ ਚਾਲਕਾਂ ਲਈ ਚਿੰਤਾ ਦਾ ਕਾਰਨ ਬਣ ਰਹੀ ਹੈ। ਇਸ ਸਿੰਗਲ ਰੋਡ ’ਤੇ ਪਿਛਲੇ ਇੱਕ ਹਫ਼ਤੇ ਦੌਰਾਨ ਤਿੰਨ ਟਰੱਕ ਪਲਟਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਤਾਜ਼ਾ ਮਾਮਲਾ ਅੱਜ ਉਸ ਸਮੇਂ ਵਾਪਰਿਆ ਜਦੋਂ ਬਜਰੀ ਨਾਲ ਭਰਿਆ ਇੱਕ ਟਰੱਕ ਬਹਿਰਾਮ ਕਸਬੇ ਨੇੜੇ ਸੜਕ ਤੋਂ ਹੇਠਾਂ ਉਤਰਦੇ ਹੀ ਪਲਟ ਗਿਆ। ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ ਸਾਹਮਣੇ ਤੋਂ ਵਾਹਨ ਆਉਣ ਕਾਰਨ ਟਰੱਕ ਨੂੰ ਸੜਕ ਦੇ ਕੱਚੇ ਕਿਨਾਰੇ ਵੱਲ ਲਿਜਾਣਾ ਪਿਆ। ਜਿਵੇਂ ਹੀ ਟਰੱਕ ਕੱਚੀ ਜਗ੍ਹਾ ’ਤੇ ਉਤਰਿਆ ਤਾਂ ਸੰਤੁਲਨ ਵਿਗੜਨ ਕਾਰਨ ਉਹ ਪਲਟ ਗਿਆ। ਹਾਦਸੇ ਵਿੱਚ ਟਰੱਕ ਚਾਲਕ ਦਾ ਬਚਾਅ ਹੋ ਗਿਆ, ਜਦਕਿ ਟਰੱਕ ਨੂੰ ਕਾਫ਼ੀ ਨੁਕਸਾਨ ਪਹੁੰਚਿਆ।

ਦੱਸਿਆ ਜਾ ਰਿਹਾ ਹੈ ਕਿ ਬੁੱਲੋਵਾਲ ਰੋਡ ਦੇ ਕਿਨਾਰੇ ਕਿਸੇ ਕੰਪਨੀ ਵੱਲੋਂ ਪਾਈਪਾਂ ਪਾਉਣ ਲਈ ਵੱਡੇ ਖੱਡੇ ਪੁੱਟੇ ਗਏ ਸਨ। ਖੱਡਿਆਂ ਨੂੰ ਪੂਰੀ ਤਰ੍ਹਾਂ ਮਜ਼ਬੂਤੀ ਨਾਲ ਨਾ ਭਰਨ ਕਾਰਨ ਕੁਝ ਸਮੇਂ ਬਾਅਦ ਮਿੱਟੀ ਮੁੜ ਧੱਸ ਗਈ। ਇਸ ਮਾਮਲੇ ਸਬੰਧੀ ਖ਼ਬਰ ਪ੍ਰਸਾਰਿਤ ਹੋਣ ਤੋਂ ਬਾਅਦ ਖੱਡਿਆਂ ਨੂੰ ਮਿੱਟੀ ਨਾਲ ਭਰ ਦਿੱਤਾ ਗਿਆ ਸੀ, ਪਰ ਕੱਚੀ ਮਿੱਟੀ ਹੋਣ ਕਾਰਨ ਹੁਣ ਇਹ ਥਾਂ ਦੁਬਾਰਾ ਬੈਠਣ ਲੱਗ ਪਈ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕ ਦਾ ਕਿਨਾਰਾ ਕਮਜ਼ੋਰ ਹੋਣ ਕਾਰਨ ਜਦੋਂ ਭਾਰੀ ਵਾਹਨ ਸਾਹਮਣੇ ਤੋਂ ਆ ਰਹੇ ਵਾਹਨਾਂ ਨੂੰ ਰਸਤਾ ਦੇਣ ਲਈ ਕੱਚੀ ਜਗ੍ਹਾ ’ਤੇ ਉਤਰਦੇ ਹਨ ਤਾਂ ਹਾਦਸੇ ਦਾ ਖ਼ਤਰਾ ਵਧ ਜਾਂਦਾ ਹੈ।

ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਬੁੱਲੋਵਾਲ ਰੋਡ ਦੇ ਕਿਨਾਰਿਆਂ ’ਤੇ ਪਈ ਕੱਚੀ ਮਿੱਟੀ ਨੂੰ ਸਿਰਫ਼ ਮਿੱਟੀ ਨਾਲ ਭਰਨ ਦੀ ਬਜਾਏ ਸੀਮਿੰਟ ਅਤੇ ਬਜਰੀ ਆਦਿ ਪਾ ਕੇ ਮਜ਼ਬੂਤ ਕੀਤਾ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਸੜਕ ਦੇ ਕਿਨਾਰੇ ਪੱਕੇ ਹੋਣ ਨਾਲ ਵਾਹਨਾਂ ਨੂੰ ਰਸਤਾ ਦੇਣ ਸਮੇਂ ਹਾਦਸਿਆਂ ਦੀ ਸੰਭਾਵਨਾ ਘੱਟ ਕੀਤੀ ਜਾ ਸਕਦੀ ਹੈ।

ਸਥਾਨਕ ਲੋਕਾਂ ਨੇ ਕਿਹਾ ਕਿ ਭੋਗਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੜਕਾਂ ਅਤੇ ਟਰੈਫਿਕ ਦੀ ਸਮੱਸਿਆ ਲੰਬੇ ਸਮੇਂ ਤੋਂ ਬਣੀ ਹੋਈ ਹੈ। ਹੁਣ ਲੋੜ ਹੈ ਕਿ ਸਬੰਧਤ ਵਿਭਾਗ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਸੜਕ ਦੇ ਕਿਨਾਰਿਆਂ ਦੀ ਮੁਰੰਮਤ ਅਤੇ ਮਜ਼ਬੂਤੀ ਦਾ ਕੰਮ ਕਰਵਾਏ।

NO COMMENTS

LEAVE A REPLY

Please enter your comment!
Please enter your name here

Exit mobile version