Home ਪੰਜਾਬ ਘਨੌਰ ਪੁਲਿਸ ਨੇ 24 ਘੰਟਿਆਂ ’ਚ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ…

ਘਨੌਰ ਪੁਲਿਸ ਨੇ 24 ਘੰਟਿਆਂ ’ਚ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ…

0

ਘਨੌਰ: ਪਟਿਆਲਾ ਪੁਲਿਸ ਨੇ ਇਲਾਕੇ ਵਿੱਚ ਵਾਪਰੀ ਅੰਨ੍ਹੇ ਕਤਲ ਦੀ ਇੱਕ ਸਨਸਨੀਖੇਜ਼ ਵਾਰਦਾਤ ਨੂੰ ਮਹਿਜ਼ 24 ਘੰਟਿਆਂ ਦੇ ਅੰਦਰ ਸੁਲਝਾਉਣ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਰਾਣੀ ਰੰਜਿਸ਼ ਦੇ ਚਲਦਿਆਂ ਇੱਕ ਵਿਅਕਤੀ ਦਾ ਕਤਲ ਕਰਨ ਵਾਲੇ ਮੁੱਖ ਦੋਸ਼ੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਕੀ ਹੈ ਪੂਰਾ ਮਾਮਲਾ?

ਮੁਖਬਰ ਅਤੇ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, 7 ਸਤੰਬਰ 2026 ਨੂੰ ਸੋਨੂੰ ਪੁੱਤਰ ਧਰਮ ਸਿੰਘ, ਵਾਸੀ ਪਿੰਡ ਸਮਸਪੁਰ, ਨੇ ਥਾਣਾ ਘਨੌਰ ਵਿਖੇ ਬਿਆਨ ਦਰਜ ਕਰਵਾਏ ਸਨ ਕਿ ਉਸਦੇ ਪਿਤਾ ਧਰਮ ਸਿੰਘ, ਉਮਰ ਕਰੀਬ 48 ਸਾਲ, ਦੀ ਲਾਸ਼ ਪਿੰਡ ਉਂਟਸਰ ਦੇ ਸ਼ਮਸ਼ਾਨਘਾਟ ਵਿੱਚ ਬੋਹੜ ਦੇ ਦਰੱਖਤ ਹੇਠਾਂ ਬਣੇ ਸ਼ੈੱਡ ਵਿੱਚ ਸੀਮੈਂਟ ਦੇ ਥੜ੍ਹੇ ’ਤੇ ਪਈ ਮਿਲੀ। ਸ਼ਿਕਾਇਤਕਰਤਾ ਨੇ ਸ਼ੱਕ ਜ਼ਾਹਰ ਕੀਤਾ ਸੀ ਕਿ ਉਸਦੇ ਪਿਤਾ ਦਾ ਕਤਲ ਕਾਕਾ ਸਿੰਘ ਪੁੱਤਰ ਭਾਨ ਸਿੰਘ, ਵਾਸੀ ਪਿੰਡ ਉਂਟਸਰ, ਅਤੇ ਹੋਰ ਅਣਪਛਾਤੇ ਵਿਅਕਤੀਆਂ ਵੱਲੋਂ ਕੀਤਾ ਗਿਆ ਹੈ। ਇਸ ’ਤੇ ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

ਪੁਲਿਸ ਦੀ ਤੇਜ਼ ਕਾਰਵਾਈ, 24 ਘੰਟਿਆਂ ‘ਚ ਗ੍ਰਿਫ਼ਤਾਰੀ

ਐਸ.ਐਸ.ਪੀ. ਪਟਿਆਲਾ ਸ੍ਰੀ ਹਰਮਨਦੀਪ ਸਿੰਘ ਹੰਸ, ਆਈ.ਪੀ.ਐਸ., ਐਸ.ਪੀ. ਇਨਵੈਸਟੀਗੇਸ਼ਨ ਸ੍ਰੀ ਦੇਵਿੰਦਰ ਕੁਮਾਰ ਅੱਤਰੀ ਅਤੇ ਡੀ.ਐਸ.ਪੀ. ਘਨੌਰ ਦਲਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ। ਇੰਸਪੈਕਟਰ ਮਨਪ੍ਰੀਤ ਸਿੰਘ, ਇੰਚਾਰਜ ਸਪੈਸ਼ਲ ਸੈੱਲ ਰਾਜਪੁਰਾ, ਅਤੇ ਐਸ.ਆਈ. ਗੁਰਮੁੱਖ ਸਿੰਘ, ਮੁੱਖ ਅਫ਼ਸਰ ਥਾਣਾ ਘਨੌਰ, ਦੀਆਂ ਟੀਮਾਂ ਨੇ ਤਕਨੀਕੀ ਅਤੇ ਪੇਸ਼ੇਵਰ ਢੰਗ ਨਾਲ ਜਾਂਚ ਕਰਦਿਆਂ 8 ਸਤੰਬਰ 2026 ਨੂੰ ਹੀ ਕਥਿਤ ਦੋਸ਼ੀ ਕਾਕਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਰਾਣੀ ਰੰਜਿਸ਼ ਬਣੀ ਕਤਲ ਦਾ ਕਾਰਨ

ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਕਾਕਾ ਸਿੰਘ ਖ਼ਿਲਾਫ਼ ਸਾਲ 2021 ਵਿੱਚ ਥਾਣਾ ਘਨੌਰ ਵਿਖੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਹੋਇਆ ਸੀ। ਇਸ ਮਾਮਲੇ ਵਿੱਚ ਉਹ ਜੇਲ੍ਹ ਵੀ ਗਿਆ ਸੀ। ਪੁਲਿਸ ਅਨੁਸਾਰ, ਜੇਲ੍ਹ ਵਿੱਚ ਰਹਿਣ ਦੌਰਾਨ ਕਾਕਾ ਸਿੰਘ ਦੇ ਮਨ ਵਿੱਚ ਇਹ ਸ਼ੱਕ ਪੈਦਾ ਹੋ ਗਿਆ ਸੀ ਕਿ ਮ੍ਰਿਤਕ ਧਰਮ ਸਿੰਘ ਨੇ ਉਸਦੀ ਪਤਨੀ ਨਾਲ ਕੋਈ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸੇ ਪੁਰਾਣੀ ਰੰਜਿਸ਼ ਅਤੇ ਖੁੰਦਕ ਕਾਰਨ ਉਸਨੇ ਧਰਮ ਸਿੰਘ ਨੂੰ ਨਿਸ਼ਾਨਾ ਬਣਾਇਆ।

ਪਹਿਲਾਂ ਇਕੱਠੇ ਬੈਠ ਕੇ ਸ਼ਰਾਬ ਪੀਤੀ

ਪੁਲਿਸ ਪੁੱਛਗਿੱਛ ਮੁਤਾਬਕ, 6 ਸਤੰਬਰ 2026 ਨੂੰ ਕਾਕਾ ਸਿੰਘ ਅਤੇ ਧਰਮ ਸਿੰਘ ਪਹਿਲਾਂ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਮੌਕਾ ਮਿਲਣ ’ਤੇ ਕਾਕਾ ਸਿੰਘ ਨੇ ਧਰਮ ਸਿੰਘ ’ਤੇ ਹਮਲਾ ਕਰ ਦਿੱਤਾ ਅਤੇ ਤੇ ਉਸਦਾ ਕਤਲ ਕਰ ਦਿੱਤਾ। ਪੁਲਿਸ ਵੱਲੋਂ ਕਤਲ ਦੀ ਵਾਰਦਾਤ ਨਾਲ ਸਬੰਧਤ ਹੋਰ ਪਹਿਲੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈਣ ਦੀ ਤਿਆਰੀ

ਪੁਲਿਸ ਵੱਲੋਂ ਕਥਿਤ ਦੋਸ਼ੀ ਕਾਕਾ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਪੁਲਿਸ ਦਾ ਮਕਸਦ ਮਾਮਲੇ ਦੀ ਡੂੰਘਾਈ ਨਾਲ ਪੁੱਛਗਿੱਛ ਕਰਕੇ ਵਾਰਦਾਤ ਨਾਲ ਜੁੜੇ ਬਾਕੀ ਪਹਿਲੂਆਂ ਤੋਂ ਵੀ ਪਰਦਾ ਚੁੱਕਣਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕਤਲ ਨਾਲ ਸਬੰਧਤ ਹੋਰ ਤੱਥਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version