ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਦੇ ਮੁਖੀ ਵਜੋਂ ਆਪਣੀ 25 ਸਾਲ ਦੀ ਯਾਤਰਾ ਪੂਰੀ ਕਰ ਲਈ ਹੈ। ਇਸ ਮੌਕੇ ਉਨ੍ਹਾਂ ਨੇ ਨਵੀਂ ਦਿੱਲੀ ਸਥਿਤ ਸ੍ਰੀ ਵਿਨਾਇਕ ਮੰਦਰ ਪਹੁੰਚ ਕੇ ਪੂਜਾ-ਅਰਚਨਾ ਕੀਤੀ ਅਤੇ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ।
ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਦੇ ਮੁਖੀ ਵਜੋਂ ਯਾਤਰਾ 7 ਅਕਤੂਬਰ 2001 ਨੂੰ ਸ਼ੁਰੂ ਹੋਈ ਸੀ, ਜਦੋਂ ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ। ਇਸ ਤੋਂ ਬਾਅਦ ਸਾਲ 2014 ਵਿੱਚ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਉਹ ਲਗਾਤਾਰ ਤਿੰਨ ਵਾਰ ਲੋਕ ਸਭਾ ਚੋਣਾਂ ਜਿੱਤ ਕੇ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਸੇਵਾ ਨਿਭਾ ਰਹੇ ਹਨ।
ਉਪ ਰਾਸ਼ਟਰਪਤੀ ਨੇ ਦਿੱਤੀ ਵਧਾਈ
ਇਸ ਮੌਕੇ ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 25 ਸਾਲ ਪੂਰੇ ਕਰਨ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ‘ਪ੍ਰਧਾਨ ਸੇਵਕ’ ਵਜੋਂ ਮੋਦੀ ਦੀ 25 ਸਾਲ ਦੀ ਯਾਤਰਾ ਨੇ ਸਮਾਵੇਸ਼ੀ ਵਿਕਾਸ ਦੀ ਸੋਚ ਨੂੰ ਦੇਸ਼ ਪੱਧਰੀ ਮੁਹਿੰਮ ਵਿੱਚ ਬਦਲਣ ਦਾ ਕੰਮ ਕੀਤਾ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਯਾਤਰਾ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’ ਦੇ ਸਿਧਾਂਤਾਂ ਨਾਲ ਅੱਗੇ ਵਧੀ ਹੈ।
ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਉਪ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਰਕਾਰ ਦੇ ਮੁਖੀ ਵਜੋਂ ਦੇਸ਼ ਦੀ ਸੇਵਾ ਦੇ 25 ਸਾਲ ਪੂਰੇ ਕਰਨਾ ਆਪਣੇ ਆਪ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਅਤੇ ਮੀਲ ਪੱਥਰ ਹੈ।
