ਕੋਲਕਾਤਾ : ਕੋਲਕਾਤਾ ਦੇ ਸਾਊਥ ਕਲਕੱਤਾ ਲਾਅ ਕਾਲਜ ਵਿੱਚ ਇਕ ਵਿਦਿਆਰਥਣ ਨਾਲ ਕਥਿਤ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬੁੱਧਵਾਰ ਨੂੰ ਕਾਲਜ ਦੇ ਅੰਦਰ ਵਾਪਰੀ। ਇਸ ਮਾਮਲੇ ਵਿੱਚ ਹੁਣ ਤੱਕ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਕਾਲਜ ਸੁਰੱਖਿਆ ਗਾਰਡ ਵੀ ਸ਼ਾਮਲ ਹੈ।
ਕੋਲਕਾਤਾ ਪੁਲਿਸ ਨੇ ਅੱਜ ਸ਼ਨੀਵਾਰ ਨੂੰ ਕਾਲਜ ਗਾਰਡ ਪਿਨਾਕੀ ਬੈਨਰਜੀ (55) ਨੂੰ ਗ੍ਰਿਫ਼ਤਾਰ ਕੀਤਾ। ਇਸ ਤੋਂ ਪਹਿਲਾਂ ਪੁਲਿਸ ਨੇ ਤਿੰਨ ਹੋਰ ਮੁਲਜ਼ਮਾਂ, ਮੋਨੋਜੀਤ ਮਿਸ਼ਰਾ (31), ਜ਼ੈਬ ਅਹਿਮਦ (19) ਅਤੇ ਪ੍ਰਮਿਤ ਮੁਖੋਪਾਧਿਆਏ (20) ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਤਿੰਨੋਂ ਜਾਂ ਤਾਂ ਕਾਲਜ ਦੇ ਸਾਬਕਾ ਵਿ ਦਿਆਰਥੀ ਹਨ ਜਾਂ ਪਹਿਲਾਂ ਉੱਥੇ ਕਰਮਚਾਰੀ ਰਹਿ ਚੁੱਕੇ ਹਨ। ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ ਚਾਰ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੀੜਤਾ ਦਾ ਬਿਆਨ ਨਿਆਂਇਕ ਮੈਜਿਸਟਰੇਟ ਦੇ ਸਾਹਮਣੇ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੈਡੀਕਲ ਰਿਪੋਰਟ ਵਿੱਚ ਸਮੂਹਿਕ ਬਲਾਤਕਾਰ ਦੀ ਪੁਸ਼ਟੀ ਹੋਈ ਹੈ।
ਐਨ.ਸੀ.ਡਬਲਯੂ. ਨੇ ਕੀਤੀ ਨਿਰਪੱਖ ਜਾਂਚ ਦੀ ਮੰਗ
ਇਸ ਗੰਭੀਰ ਮਾਮਲੇ ਨੂੰ ਦੇਖਦੇ ਹੋਏ, ਰਾਸ਼ਟਰੀ ਮਹਿਲਾ ਕਮਿਸ਼ਨ (ਐਨ.ਸੀ.ਡਬਲਯੂ.) ਨੇ ਵੀ ਤੁਰੰਤ ਨੋਟਿਸ ਲਿਆ। ਕਮਿਸ਼ਨ ਦੀ ਚੇਅਰਪਰਸਨ ਵਿਜਯਾ ਰਹਿਤਕਰ ਨੇ ਕੋਲਕਾਤਾ ਪੁਲਿਸ ਕਮਿਸ਼ਨਰ ਨੂੰ ਇਕ ਪੱਤਰ ਲਿਖ ਕੇ ਮਾਮਲੇ ਦੀ ਜਲਦੀ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਪੀੜਤਾ ਨੂੰ ਡਾਕਟਰੀ, ਮਨੋਵਿਗਿਆਨਕ ਅਤੇ ਕਾਨੂੰਨੀ ਸਹਾਇਤਾ ਦੀ ਵੀ ਮੰਗ ਕੀਤੀ ਹੈ। ਇਸ ਤੋਂ ਇਲਾਵਾ, ਰਹਿਤਕਰ ਨੇ ਪੀੜਤਾ ਨੂੰ ਬੀ.ਐਨ.ਐਸ. (ਭਾਰਤੀ ਨਿਆਂ ਸੰਹਿਤਾ) ਦੀ ਧਾਰਾ 396 ਤਹਿਤ ਮੁਆਵਜ਼ਾ ਦਿਵਾਉਣ ਦੀ ਅਪੀਲ ਕੀਤੀ ਹੈ।
ਭਾਜਪਾ ਨੇ ਮੰਗਿਆ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਅਸਤੀਫ਼ਾ
ਇਸ ਘਟਨਾ ਤੋਂ ਬਾਅਦ ਪੱਛਮੀ ਬੰਗਾਲ ਦੀ ਰਾਜਨੀਤੀ ਵਿੱਚ ਵੀ ਹਲਚਲ ਮਚ ਗਈ ਹੈ। ਵਿਰੋਧੀ ਧਿਰ ਭਾਜਪਾ ਵਿਧਾਇਕ ਸ਼ੰਕਰ ਘੋਸ਼ ਨੇ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ, “ਇਹ ਘਟਨਾ ਦਰਸਾਉਂਦੀ ਹੈ ਕਿ ਰਾਜ ਵਿੱਚ ਔਰਤਾਂ ਵਿਰੁੱਧ ਅਪਰਾਧ ਕਿਸ ਹੱਦ ਤੱਕ ਵਧੇ ਹਨ। ਮੁੱਖ ਮੰਤਰੀ ਮਮਤਾ ਬੈਨਰਜੀ ਦਾ ਲਾਪਰਵਾਹ ਰਵੱਈਆ ਹੀ ਇਨ੍ਹਾਂ ਅਪਰਾਧਾਂ ਨੂੰ ਉਤਸ਼ਾਹਿਤ ਕਰਦਾ ਹੈ।”
ਪੀੜਤ ਅਤੇ ਪਰਿਵਾਰ ਨੂੰ ਮਿਲ ਰਹੀਆਂ ਹਨ ਧਮਕੀਆਂ
ਘੋਸ਼ ਨੇ ਇਹ ਵੀ ਦੋਸ਼ ਲਗਾਇਆ ਕਿ ਪੀੜਤਾ ਅਤੇ ਉਸਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਦੋਸ਼ੀ ਸੱਤਾ ਦੀ ਸੁਰੱਖਿਆ ਹੇਠ ਆਪਣੇ ਆਪ ਨੂੰ ਸੁਰੱਖਿਅਤ ਸਮਝਦੇ ਹਨ। ਉਨ੍ਹਾਂ ਕਿਹਾ ਕਿ ਰਾਜ ਵਿੱਚ ਔਰਤਾਂ ਦੀ ਸੁਰੱਖਿਆ ਦੀ ਸਥਿਤੀ ਬਹੁਤ ਚਿੰਤਾਜਨਕ ਹੈ।
