ਜਲੰਧਰ: ਮਨੀ ਲਾਂਡਰਿੰਗ ਮਾਮਲਿਆਂ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਦੀ ਟੀਮ ਲਗਾਤਾਰ ਐਕਸ਼ਨ ਮੋਡ ਵਿੱਚ ਹੈ। ਅੱਜ ਈ.ਡੀ ਦਫ਼ਤਰ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ‘ਕਿੱਕੀ’ ਢਿੱਲੋਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਰਿਪੋਰਟਾਂ ਅਨੁਸਾਰ, ਵਿਧਾਇਕ ਕੁਸ਼ਲਦੀਪ ਸਿੰਘ ਨੂੰ ਮਨੀ ਲਾਂਡਰਿੰਗ ਮਾਮਲੇ ਦੀ ਚੱਲ ਰਹੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ ਮਈ 2023 ਵਿੱਚ ਕੁਸ਼ਲਦੀਪ ਸਿੰਘ ‘ਕਿੱਕੀ’ ਢਿੱਲੋਂ ਵਿਰੁੱਧ ਕੇਸ ਦਰਜ ਕੀਤਾ ਸੀ ਅਤੇ ਬਾਅਦ ਵਿੱਚ ਉਸਨੂੰ ਗ੍ਰਿਫ਼ਤਾਰ ਕਰ ਲਿਆ ਸੀ। ਅੱਜ, ਉਹ ਇਸ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਈ.ਡੀ ਸਾਹਮਣੇ ਪੇਸ਼ ਹੋਏ।
ਈ.ਡੀ ਅਧਿਕਾਰੀਆਂ ਨੇ ਕਿੱਕੀ ਢਿੱਲੋਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਜਾਂਚ ਵਿੱਚ ਦੋਸ਼ ਲੱਗੇ ਸਨ ਕਿ ਸਾਲ 2017 ਤੋਂ 2022 ਤੱਕ ਕਿੱਕੀ ਢਿੱਲੋਂ ਵੱਲੋਂ 10.72 ਕਰੋੜ ਖਰਚ ਕੀਤਾ ਗਿਆ ਸੀ, ਜਦੋਂ ਕਿ ਆਮਦਨੀ 3.18 ਕਰੋੜ ਸੀ। ਉਸ ਸਮੇਂ 7.53 ਕਰੋੜ ਦੇ ਸਰੋਤ ਦਾ ਕਿੱਕੀ ਢਿਲੋਂ ਜਵਾਬ ਨਹੀਂ ਦੇ ਪਾਏ ਸਨ । ਇਸ ਮਾਮਲੇ ਨੂੰ ਲੈ ਕੇ ਵਿਜੀਲੈਂਸ ਬਿਊਰੋ ਇਸ ਮਾਮਲੇ ਵਿੱਚ ਚਾਰਜਸ਼ੀਟ ਫਾਇਲ ਕਰ ਚੁੱਕੀ ਹੈ । ਉੱਕਤ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ ।
ਇਸ ਦੌਰਾਨ, ਇਹ ਧਿਆਨ ਦੇਣ ਯੋਗ ਹੈ ਕਿ ਬੀਤੇ ਦਿਨ ਹੀ, ਈ.ਡੀ ਦੀ ਟੀਮ ਨੇ ਕੇਂਦਰੀ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਵਿਧਾਇਕ ਰਮਨ ਅਰੋੜਾ ਤੋਂ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਦੇ ਸਬੰਧ ਵਿੱਚ ਅੱਠ ਘੰਟੇ ਪੁੱਛਗਿੱਛ ਕੀਤੀ ਸੀ। ਰਮਨ ਅਰੋੜਾ ਬੀਤੀ ਸਵੇਰ 11:00 ਵਜੇ ਜਾਂਚ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ ਅਤੇ ਪੁੱਛਗਿੱਛ ਤੋਂ ਬਾਅਦ ਦੇਰ ਸ਼ਾਮ ਦਫ਼ਤਰ ਤੋਂ ਚਲੇ ਗਏ ਸਨ। ਹਾਲਾਂਕਿ, ਉਨ੍ਹਾਂ ਨੇ ਪੂਰੀ ਪ੍ਰਕਿ ਰਿਆ ਦੌਰਾਨ ਮੀਡੀਆ ਤੋਂ ਆਪਣੀ ਦੂਰੀ ਬਣਾਈ ਰੱਖੀ।
