ਇੰਡੋਨੇਸ਼ੀਆ : ਇੰਡੋਨੇਸ਼ੀਆ ਦੇ ਮਦੁਰਾ ਟਾਪੂ ਦੇ ਨੇੜੇ ਅੱਜ (2 ਅਗਸਤ) ਨੂੰ ਇੱਕ ਯਾਤਰੀ ਕਿਸ਼ਤੀ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 41 ਹੋਰ ਅਜੇ ਵੀ ਲਾਪਤਾ ਹਨ। ਹਾਦਸੇ ਤੋਂ ਬਾਅਦ ਇੱਕ ਵਿਸ਼ਾਲ ਖੋਜ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਇੰਡੋਨੇਸ਼ੀਆ ਦੀ ਖੋਜ ਅਤੇ ਬਚਾਅ ਏਜੰਸੀ ਅਨੁਸਾਰ, ਫੈਰੀ ਵਿੱਚ ਯਾਤਰੀਆਂ ਅਤੇ ਕਰੂ ਮੈਂਬਰਾਂ ਸਮੇਤ ਕੁੱਲ 271 ਲੋਕ ਸਵਾਰ ਸਨ। ਐਤਵਾਰ ਦੁਪਹਿਰ ਤੱਕ ਘੱਟੋ-ਘੱਟ 225 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ, ਜਦੋਂ ਕਿ ਲਾਪਤਾ ਲੋਕਾਂ ਦੀ ਭਾਲ ਜਾਰੀ ਸੀ।
ਇਹ ਕਿਸ਼ਤੀ ਪੂਰਬੀ ਜਾਵਾ ਸੂਬੇ ਦੇ ਸੁਰਾਬਾਇਆ ਤੋਂ ਦੱਖਣੀ ਸੁਲਾਵੇਸੀ ਦੇ ਮਕਾਸਰ ਜਾ ਰਹੀ ਸੀ। ਇਸ ਦੌਰਾਨ, ਜਾਵਾ ਦੇ ਉੱਤਰ-ਪੂਰਬੀ ਤੱਟ ‘ਤੇ ਸਥਿਤ ਮਦੁਰਾ ਟਾਪੂ ਦੇ ਨੇੜੇ ਕਿਸ਼ਤੀ ਨੂੰ ਅੱਗ ਲੱਗ ਗਈ।
ਬਚਾਅ ਕਾਰਜ ਦੇ ਲਈ ਕਈ ਜਹਾਜ਼ ਤਾਇਨਾਤ ਕੀਤੇ ਗਏ ਹਨ। ਅਧਿਕਾਰੀ ਆਲੇ ਦੁਆਲੇ ਦੇ ਸਮੁੰਦਰੀ ਖੇਤਰ ਵਿੱਚ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ। ਕਿਸ਼ਤੀ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ।
