Home ਦੇਸ਼ ਕਠੂਆ ਦੇ CISF ਕੈਂਪ ’ਚ ਗੋਲੀਬਾਰੀ, 4 ਜਵਾਨਾਂ ਦੀ ਮੌਤ

ਕਠੂਆ ਦੇ CISF ਕੈਂਪ ’ਚ ਗੋਲੀਬਾਰੀ, 4 ਜਵਾਨਾਂ ਦੀ ਮੌਤ

0

ਕਠੂਆ/ਜੰਮੂ: ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਤੋਂ CISF ਕੈਂਪ ਵਿੱਚ ਗੋਲੀਬਾਰੀ ਦੀ ਗੰਭੀਰ ਘਟਨਾ ਸਾਹਮਣੇ ਆਈ ਹੈ। ਬਸੋਹਲੀ ਇਲਾਕੇ ਵਿੱਚ ਸਥਿਤ CISF ਕੈਂਪ ’ਚ ਹੋਈ ਫਾਇਰਿੰਗ ਦੌਰਾਨ ਚਾਰ ਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਅਸਿਸਟੈਂਟ ਕਮਾਂਡੈਂਟ ਰੈਂਕ ਦਾ ਅਧਿਕਾਰੀ ਵੀ ਸ਼ਾਮਲ ਦੱਸਿਆ ਗਿਆ ਹੈ।

ਜਾਣਕਾਰੀ ਅਨੁਸਾਰ ਘਟਨਾ ਸ਼ਾਮ ਕਰੀਬ 7:10 ਵਜੇ ਵਾਪਰੀ। ਸ਼ੁਰੂਆਤੀ ਜਾਂਚ ਵਿੱਚ ਮਾਮਲਾ ਜਵਾਨਾਂ ਵਿਚਕਾਰ ਹੋਈ ਗੋਲੀਬਾਰੀ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਹਾਲਾਂਕਿ ਫਾਇਰਿੰਗ ਦੇ ਪਿੱਛੇ ਅਸਲ ਕਾਰਨ ਕੀ ਸੀ, ਇਸ ਬਾਰੇ ਅਜੇ ਅਧਿਕਾਰਤ ਤੌਰ ’ਤੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਬਹਿਸ ਤੋਂ ਬਾਅਦ ਵਾਪਰੀ ਫਾਇਰਿੰਗ

ਅਧਿਕਾਰੀਆਂ ਮੁਤਾਬਕ ਸੇਵਾ-II ਹਾਈਡਰੋ-ਇਲੈਕਟ੍ਰਿਕ ਪ੍ਰੋਜੈਕਟ ਯੂਨਿਟ ਵਿੱਚ ਤਾਇਨਾਤ CISF ਜਵਾਨਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ। ਇਸ ਦੌਰਾਨ ਹੈੱਡ ਕਾਂਸਟੇਬਲ ਅਵਦੇਸ਼ ਕੁਮਾਰ, ਜੋ 2009 ਬੈਚ ਨਾਲ ਸਬੰਧਤ ਦੱਸੇ ਜਾ ਰਹੇ ਹਨ, ਵੱਲੋਂ ਆਪਣੇ ਸਾਥੀ ਜਵਾਨਾਂ ’ਤੇ ਗੋਲੀਬਾਰੀ ਕੀਤੀ ਗਈ।

ਇਸ ਘਟਨਾ ਵਿੱਚ ਚਾਰ ਜਵਾਨਾਂ ਦੀ ਜਾਨ ਚਲੀ ਗਈ। ਮ੍ਰਿਤਕਾਂ ਦੀ ਪਛਾਣ ਅਸਿਸਟੈਂਟ ਕਮਾਂਡੈਂਟ ਅੰਕਿਤ ਕੁਮਾਰ ਪਾਂਡੇ, ਸਬ-ਇੰਸਪੈਕਟਰ ਲਕਸ਼ਮਣ ਸਿੰਘ, ਕਾਂਸਟੇਬਲ ਸੰਜੀਵ ਕੁਮਾਰ ਅਤੇ ਕਾਂਸਟੇਬਲ ਮੁਹੰਮਦ ਰਫੀਕ ਵਜੋਂ ਹੋਈ ਹੈ।

ਪੁਲਿਸ ਟੀਮ ਮੌਕੇ ’ਤੇ ਪਹੁੰਚੀ

ਘਟਨਾ ਦੀ ਸੂਚਨਾ ਮਿਲਦੇ ਹੀ ਕਠੂਆ ਜ਼ਿਲ੍ਹਾ ਪੁਲਸ ਦੀ ਟੀਮ ਵੀ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਘਟਨਾ ਨਾਲ ਜੁੜੇ ਹਾਲਾਤਾਂ ਅਤੇ ਫਾਇਰਿੰਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

CISF ਹੈੱਡਕੁਆਰਟਰ ਨੇ ਦਿੱਤੇ ਜਾਂਚ ਦੇ ਹੁਕਮ

ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ CISF ਹੈੱਡਕੁਆਰਟਰ ਵੱਲੋਂ ਕੋਰਟ ਆਫ਼ ਇਨਕੁਆਰੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਡਾਇਰੈਕਟਰ ਜਨਰਲ, CISF ਵੱਲੋਂ ਮਾਮਲੇ ਦੀ ਜਾਂਚ ਅਤੇ ਅਗਲੀ ਕਾਰਵਾਈ ਦੀ ਨਿਗਰਾਨੀ ਕੀਤੀ ਜਾ ਰਹੀ ਹੈ।

ਦੱਸਿਆ ਗਿਆ ਹੈ ਕਿ ਘਟਨਾ ਵਾਲਾ ਇਲਾਕਾ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੀ ਸਰਹੱਦ ਦੇ ਨੇੜੇ ਸਥਿਤ ਹੈ। ਮਾਮਲੇ ਦੀ ਵਿਸਥਾਰਤ ਜਾਂਚ ਤੋਂ ਬਾਅਦ ਹੀ ਗੋਲੀਬਾਰੀ ਦੇ ਪੂਰੇ ਕਾਰਨਾਂ ਅਤੇ ਘਟਨਾ ਨਾਲ ਜੁੜੀਆਂ ਹੋਰ ਸਥਿਤੀਆਂ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਆ ਸਕੇਗੀ।

NO COMMENTS

LEAVE A REPLY

Please enter your comment!
Please enter your name here

Exit mobile version