ਮੁੰਬਈ: ਮੁੰਬਈ ਦੇ ਪੂਰਬੀ ਉਪਨਗਰ ਗੋਵੰਡੀ ‘ਚ ਅੱਜ ਤੜਕੇ ਇਕ ਰਿਹਾਇਸ਼ੀ ਇਮਾਰਤ ‘ਚ ਅੱਗ ਲੱਗਣ ਕਾਰਨ ਇਕ ਸਾਲ ਦੀ ਬੱਚੀ ਸਮੇਤ ਇਕ ਹੀ ਪਰਿਵਾਰ ਦੇ ਤਿੰਨ ਮੈਂਬਰ ਗੰਭੀਰ ਰੂਪ ‘ਚ ਝੁਲਸ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਿਵਾਜੀ ਨਗਰ ਰੋਡ ਨੰਬਰ 3 ‘ਤੇ ਸਥਿਤ ਚਾਰ ਮੰਜ਼ਿਲਾ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਇਕ ਕਮਰੇ ‘ਚ ਸਵੇਰੇ ਕਰੀਬ 3.40 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ।
ਇੱਕ ਸਿਵਲ ਅਧਿਕਾਰੀ ਨੇ ਦੱਸਿਆ ਕਿ ਅੱਗ ਬਿਜਲੀ ਦੀਆਂ ਤਾਰਾਂ, ਬਿਜਲੀ ਦੇ ਉਪਕਰਨਾਂ, ਕੱਪੜਿਆਂ ਅਤੇ ਦੋਪਹੀਆ ਵਾਹਨ ਦੀ ਬੈਟਰੀ ਤੱਕ ਸੀਮਤ ਸੀ, ਜਿਸ ਨੂੰ ਸਵੇਰੇ 4.22 ਵਜੇ ਤੱਕ ਬੁਝਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਪੀੜਤਾਂ, ਜਿਨ੍ਹਾਂ ਦੀ ਪਛਾਣ ਸਲਮਾਨ ਖਾਨ (30), ਉਸ ਦੀ ਪਤਨੀ ਰੋਸ਼ਨਾ (29) ਅਤੇ ਬੇਟੀ ਸੁਬਰਾ ਫਾਤਿਮਾ ਵਜੋਂ ਹੋਈ ਹੈ, ਨੂੰ ਗੰਭੀਰ ਹਾਲਤ ਵਿੱਚ ਸਾਯਨ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਸਹੀ ਕਾਰਨਾਂ ਅਤੇ ਇਸ ਨਾਲ ਹੋਏ ਨੁਕਸਾਨ ਦਾ ਹਾਲੇ ਪਤਾ ਲਗਾਇਆ ਜਾ ਰਿਹਾ ਹੈ।
