ਮੁੰਬਈ : ਬਾਲੀਵੁੱਡ ਫ਼ਿਲਮ ਇੰਡਸਟਰੀ ਤੋਂ ਦੁਖਦਾਈ ਖ਼ਬਰ ਆਈ ਹੈ। ਮਸ਼ਹੂਰ ਅਦਾਕਾਰਾ ਅਤੇ ਵੀ. ਸ਼ਾਂਤਾਰਾਮ ਦੀ ਤੀਜੀ ਪਤਨੀ ਸੰਧਿਆ ਸ਼ਾਂਤਾਰਾਮ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 87 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਉਹ ਅਦਾਕਾਰੀ ਦੇ ਨਾਲ-ਨਾਲ ਆਪਣੇ ਡਾਂਸ ਲਈ ਵੀ ਜਾਣੀ ਜਾਂਦੀ ਸੀ। ਦੱਸਿਆ ਜਾ ਰਿਹਾ ਹੈ ਕਿ ਸੰਧਿਆ ਸ਼ਾਂਤਾਰਾਮ ਦਾ ਅੰਤਿਮ ਸਸਕਾਰ ਅੱਜ ਸ਼ਿਵਾਜੀ ਪਾਰਕ ਸਥਿਤ ਵੈਕੁੰਠ ਧਾਮ ਵਿੱਚ ਕੀਤਾ ਗਿਆ।
ਮਹਾਰਾਸ਼ਟਰ ਸਰਕਾਰ ਦੇ ਸੂਚਨਾ ਤਕਨਾਲੋਜੀ ਅਤੇ ਸੱਭਿਆਚਾਰਕ ਮਾਮਲਿਆਂ ਦੇ ਕੈਬਨਿਟ ਮੰਤਰੀ ਆਸ਼ੀਸ਼ ਸ਼ੇਲਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਸ਼ਰਧਾਂਜਲੀ ਪੋਸਟ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੀ ਇੱਕ ਫੋਟੋ ਸਾਂਝੀ ਕਰਦੇ ਹੋਏ ਆਸ਼ੀਸ਼ ਸ਼ੇਲਾਰ ਨੇ ਲਿਖਿਆ, “ਫਿਲਮ ‘ਪਿੰਜਰਾ’ ਦੀ ਮਸ਼ਹੂਰ ਅਦਾਕਾਰਾ ਸੰਧਿਆ ਸ਼ਾਂਤਾਰਾਮ ਦੇ ਦੇਹਾਂਤ ਦੀ ਖ਼ਬਰ ਬਹੁਤ ਦੁਖਦਾਈ ਹੈ। ਉਨ੍ਹਾਂ ਨੇ ਮਰਾਠੀ ਅਤੇ ਹਿੰਦੀ ਸਿਨੇਮਾ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਨ੍ਰਿਤ ਹੁਨਰ ਨਾਲ ਦਰਸ਼ਕਾਂ ‘ਤੇ ਇੱਕ ਵਿਲੱਖਣ ਛਾਪ ਛੱਡੀ। ਫ਼ਿਲਮ ‘ਝਨਕ ਝਨਕ ਪਾਇਲ ਬਾਜੇ,’ ‘ਦੋ ਅੱਖੇਂ ਬਾਰਾਂ ਹਾਥ,’ ਅਤੇ ਖਾਸ ਕਰਕੇ ‘ਪਿੰਜਰਾ’ ਵਿੱਚ ਉਨ੍ਹਾਂ ਦੀ ਅਮਰ ਭੂਮਿਕਾ ਦਰਸ਼ਕਾਂ ਦੇ ਦਿਲਾਂ ਵਿੱਚ ਹਮੇਸ਼ਾ ਯਾਦ ਰਹੇਗੀ। ਈਸ਼ਵਰ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ!’
